ਕਾਂਗਰਸ ਤੇ ਕੇਜਰੀਵਾਲ ਹੋਰਾਂ ਲੋਕਾਂ ਨੂੰ ਲੁੱਟਣ ਲਈ ਕੀਤੀਆਂ ਹਨ ਵੱਡੀਆਂ ਡਿਗਰੀਆਂ — ਅਮਰਜੀਤ ਸਿੰਘ ਘੱਗਾ

ਪਟਿਆਲਾ – ਬਲਜੀਤ ਸਿੰਘ ਕੰਬੋਜ
ਸੰਯੁਕਤ ਸਮਾਜ ਮੋਰਚਾ ਦੇ ਸੀਨੀਅਰ ਆਗੂ ਅਤੇ ਸਾਬਕਾ ਕਮਿਸ਼ਨਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਦੇ ਰਿਸ਼ਤੇਦਾਰਾਂ ਦੀਆਂ ਭ੍ਰਿਸ਼ਟਾਚਾਰ ਵਾਲੀਆਂ ਫੋਟੋਆਂ ਪ੍ਰੈਸ ਦੇ ਨਾਮ ਜਾਰੀ ਕਰਦਿਆਂ ਕਿਹਾ ਹੈ ਕਿ ਇਹਨਾਂ ਲੋਕਾਂ ਨੇ ਲੁੱਟ ਖਸੁੱਟ ਲਈ ਤਾਂ ਵੱਡੀਆਂ-ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਹਨ।
ਬਤੌਰ ਆਈਆਰਐੱਸ ਅਧਿਕਾਰੀ ਕਸਟਮ ਵਿਭਾਗ ਦੇ ਕਮਿਸ਼ਨਰ ਰਹਿ ਚੁੱਕੇ ਅਤੇ ਜ਼ਿਲ੍ਹਾ ਪਟਿਆਲਾ ਦੇ ਵਿਧਾਨਸਭਾ ਸ਼ੁਤਰਾਣਾ ਸੀਟ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਕਾਂਗਰਸ ਵਲੋਂ ਮੌਜੂਦਾ ਚੋਣਾਂ ਵਿੱਚ ਸੀ ਐਮ ਫੇਸ ਬਣਾਏ ਗਏ ਚਰਨਜੀਤ ਸਿੰਘ ਚੰਨੀ ਦੇ ਈਮਾਨਦਾਰੀ ਵਾਲੇ ਦਮਗਜਿਆਂ ਅਤੇ ਦਾਅਵਿਆਂ ਦੀ ਫੂਕ ਕਢਦਿਆਂ ਕਿਹਾ ਕਿ ਜਿਹਨਾਂ ਲੋਕਾਂ ਦੇ ਰਿਸ਼ਤੇਦਾਰ ਕਈ ਕਈ ਕਰੋੜਾਂ ਦੇ ਭ੍ਰਿਸ਼ਟਾਚਾਰ ਦੇ ਘਪਲਿਆਂ ਵਿਚ ਨੰਗੇ ਹੋ ਚੁੱਕੇ ਹੋਣ ਉਹ ਖੁਦ ਨੂੰ ਈਮਾਨਦਾਰ ਕਿਵੇਂ ਆਖ ਸਕਦੇ ਹਨ। ਉਹਨਾਂ ਕਿਹਾ ਹੈ ਕਿ ਜਿੱਥੇ ਅਰਵਿੰਦ ਕੇਜਰੀਵਾਲ ਗਿਰਗਿਟ ਵਾਂਗੂੰ ਰੰਗ ਬਦਲਣ ਵਿਚ ਪੂਰਾ ਮਾਹਿਰ ਹੈ ਉੱਥੇ ਹੀ ਚਰਨਜੀਤ ਚੰਨੀ ਵੀ ਗਰੀਬ ਤੇ ਆਮ ਆਦਮੀ ਹੋਣ ਦਾ ਵੱਡਾ ਡਰਾਮਾ ਕਰਦਾ ਫਿਰ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦਾ ਇਕੋ ਇਕ ਮਕਸਦ ਪਬਲਿਕ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨਾ ਹੈ।