ਰਵਾਇਤੀ ਖੇਤੀ ਤੇ ਫ਼ਸਲੀ ਵਿਭਿੰਨਤਾ ਦੇ ਸੁਮੇਲ ਦੀ ਉਦਾਹਰਣ ਬਣਿਆ ਪਿੰਡ ਬਿਰੜਵਾਲ ਦਾ ਕਿਸਾਨ ਪ੍ਰਦੀਪ ਸਿੰਘ
ਪਟਿਆਲਾ, 19 ਸਤੰਬਰ:
ਕਣਕ-ਝੋਨੇ ਦੀ ਖੇਤੀ ਦੇ ਨਾਲ ਨਾਲ ਹੋਰਨਾ ਬਦਲਵੀਂਆਂ ਫ਼ਸਲਾਂ ਦੀ ਖੇਤੀ ਕਰਨ ਵਾਲਾ ਪਿੰਡ ਬਿਰੜਵਾਲ ਦਾ ਅਗਾਂਹਵਧੂ ਕਿਸਾਨ ਪ੍ਰਦੀਪ ਸਿੰਘ ਰਵਾਇਤੀ ਖੇਤੀ ਤੇ ਫ਼ਸਲੀ ਵਿਭਿੰਨਤਾ ਦੇ ਸੁਮੇਲ ਦੀ ਉਦਾਹਰਣ ਬਣ ਕੇ ਹੋਰਨਾਂ ਕਿਸਾਨਾਂ ਲਈ ਖੇਤੀ ਕਿੱਤੇ ਵਿੱਚ ਰਾਹ ਦਸੇਰਾ ਬਣ ਰਿਹਾ ਹੈ।
34 ਏਕੜ ਵਿੱਚ ਖੇਤੀ ਕਰ ਰਹੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਹਾੜੀ ਦੇ ਸੀਜ਼ਨ ਵਿੱਚ ਉਹ 5 ਏਕੜ ਵਿੱਚ ਕਣਕ, 20 ਏਕੜ ਵਿੱਚ ਆਲੂ, 4 ਏਕੜ ਵਿੱਚ ਸਬਜ਼ੀਆਂ ਦੀ ਪਨੀਰੀ ਤੇ 2 ਏਕੜ ਵਿੱਚ ਮਟਰ ਲਗਾਉਣ ਸਮੇਤ ਪੌਲੀਹਾਊਸ ਵਿੱਚ ਸੀਡ ਲੈਸ ਖੀਰੇ, ਰੰਗਦਾਰ ਸ਼ਿਮਲਾ ਮਿਰਚਾਂ ਅਤੇ ਸਰਦੀਆਂ ਵਿੱਚ ਖੂੰਬਾਂ ਦੀ ਕਾਸ਼ਤ ਕਰਦਾ ਹੈ। ਇਸੇ ਤਰ੍ਹਾਂ ਸਾਉਣੀ ਸੀਜ਼ਨ ਦੌਰਾਨ 20 ਏਕੜ ਵਿੱਚ ਟਰਾਂਸਪਲਾਂਟਰ ਦੀ ਮਦਦ ਨਾਲ ਝੋਨਾ, 10 ਏਕੜ ਵਿੱਚ ਮਿਰਚਾਂ ਅਤੇ 4 ਏਕੜ ਵਿੱਚ ਖੀਰਾ ਪੈਦਾ ਕਰਦਾ ਹੈ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਖੇਤੀ ਮਾਡਲ ਅਪਣਾਉਣ ਨਾਲ ਜਿਥੇ ਇੱਕ ਫ਼ਸਲ ਲਗਾਉਣ ਦੇ ਮੁਕਾਬਲੇ ਫ਼ਸਲ ਦੇ ਖਰਾਬੇ ਸਮੇਤ ਹੋਰ ਜੋਖ਼ਮ ਬਹੁਤ ਘੱਟ ਹੰਦਾ ਹੈ ਉਥੇ ਹੀ ਆਮਦਨ ਵਿੱਚ ਵੀ ਚੰਗਾ ਵਾਧਾ ਮਿਲਦਾ ਹੈ।
ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਲੱਗੀ ਕੰਬਾਈਨ ਤੋਂ ਕਰਵਾਉਣ ਉਪਰੰਤ ਮਲਰਚ ਤੇ ਪਲਟਾਂਵੇਂ ਹੱਲ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਦਿੱਤਾ ਜਾਂਦਾ ਹੈ ਤੇ ਫੇਰ ਆਲੂ ਸਮੇਤ ਹੋਰਨਾਂ ਫ਼ਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਆਲੂ ਦੀ ਫ਼ਸਲ ਨੂੰ ਸਭ ਤੋਂ ਵੱਧ ਲਾਭ ਹੁੰਦਾ ਹੈ ਤੇ ਆਲੂ ਦਾ ਆਕਾਰ ਤੇ ਪੈਦਾਵਾਰ ਕਾਫ਼ੀ ਵੱਧ ਜਾਂਦੀ ਹੈ।
37 ਸਾਲਾਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਖੇਤਾਂ ਵਿੱਚ ਪੌਲੀਹਾਊਸ ਵੀ ਬਣਾਇਆ ਹੈ ਜਿਥੇ ਸੀਡ ਲੈਸ ਖੀਰੇ ਅਤੇ ਰੰਗਦਾਰ ਸ਼ਿਮਲਾ ਮਿਰਚ ਦੀ ਪੈਦਾਵਾਰ ਡਰਿੱਪ ਸਿੰਚਾਈ ਸਾਧਨ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਮਸ਼ਰੂਮ ਵੀ ਲਗਾਈ ਜਾਂਦੀ ਹੈ ਤੇ ਕੁਝ ਪਰਾਲੀ ਦੀ ਵਰਤੋਂ ਮਸ਼ਰੂਮ ਲਈ ਕਰ ਲਈ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਮਸ਼ਰੂਮ ਦਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਜਿਥੇ ਆਮਦਨ ਪੱਖੋਂ ਫ਼ਾਇਦੇ ਵਾਲਾ ਧੰਦਾ ਹੈ ਉਥੇ ਹੀ ਇਕ ਪੌਸ਼ਟਿਕ ਖੁਰਾਕ ਹੈ ਜੋ ਪਨੀਰ ਵਰਗੇ ਉਤਪਾਦਾਂ ਦੇ ਚੰਗੇ ਬਦਲ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਨਾਲ ਹਮੇਸ਼ਾਂ ਸੰਪਰਕ ਵਿੱਚ ਰਹਿੰਦੇ ਹਨ ਤਾਂ ਜੋ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਮਿਲਦੀ ਹਰਹੇ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਸੱਦਾ ਵੀ ਦਿੱਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਗਾਂਹਵਧੂ ਕਿਸਾਨ ਪ੍ਰਦੀਪ ਸਿੰਘ ਵੱਲੋਂ ਫ਼ਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਕਿਸਾਨੀ ਦੇ ਕਿੱਤੇ ਨੂੰ ਹੋਰ ਲਾਭਕਾਰੀ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ ਤੇ ਅਜਿਹੇ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨ ਸਰੋਤ ਹੁੰਦੇ ਹਨ ਜੋ ਅਜਿਹੇ ਫ਼ਸਲੀ ਮਾਡਲ ਨੂੰ ਅਪਣਾਉਣਾ ਤਾਂ ਚਾਹੁੰਦੇ ਹਨ ਪਰ ਸਹੀ ਮਾਰਗ ਦਰਸ਼ਨ ਦੀ ਘਾਟ ਕਾਰਨ ਅਜਿਹਾ ਕਰਨ ਵਿੱਚ ਝਿਜਕ ਮਹਿਸੂਸ ਕਰਦੇ ਹਨ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਵਾਤਾਵਰਣ ਦੀ ਸ਼ੁੱਧਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।