ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਖੇਡਾਂ, ਖਿਡਾਰੀਆਂ ਤੇ ਪੇਂਡੂ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ
ਪਟਿਆਲਾ, 6 ਜਨਵਰੀ:
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡਾਂ ਵਿੱਚ ਨਹਿਰੂ ਯੂਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਚਲਾਏ ਜਾਂਦੇ ਸਪੋਰਟਸ ਕਲੱਬਾਂ ਅਤੇ ਹੋਰ ਕਲੱਬਾਂ ਸਮੇਤ ਖਿਡਾਰੀਆਂ ਦੀ ਭਲਾਈ ਬਾਰੇ ਸਕੀਮਾਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ। ਮੀਟਿੰਗ ‘ਚ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜਦਾਨ, ਜ਼ਿਲ੍ਹਾ ਯੂਥ ਅਫ਼ਸਰ ਰਮਨਾ ਪਠਾਣੀਆ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਿਲਬਰ ਸਿੰਘ ਅਤੇ ਪੀ.ਏ. ਕੁਲਇੰਦਰਜੀਤ ਸਿੰਘ ਮੌਜੂਦ ਸਨ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਆਦੇਸ਼ਾਂ ਅਨੁਸਾਰ ਇਮਾਨਦਾਰੀ ਤੇ ਤਨਦੇਹੀ ਨਾਲ ਖਿਡਾਰੀਆਂ ਅਤੇ ਕਲੱਬਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਸਕੀਮਾਂ ਲਾਭ ਵੱਧ ਤੋਂ ਵੱਧ ਖਿਡਾਰੀ ਪ੍ਰਾਪਤ ਕਰ ਸਕਣ।ਇਨ੍ਹਾਂ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਿੰਡਾਂ ਵਿੱਚ ਚੱਲ ਰਹੇ ਸਪੋਰਟਸ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਲੋਕਾਂ ਦੀ ਜਾਗਰੂਕਤਾ ਲਈ ਕੈਂਪ ਲਗਾਏ ਜਾਂਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜਦਾਨ ਨੇ ਦੱਸਿਆ ਕਿ ਜ਼ਿਲ੍ਹੇ ‘ਚ 47 ਕੋਚ ਅਤੇ 47 ਖੇਡ ਮੈਦਾਨ ਹਨ ਜਿੱਥੇ ਪੇਂਡੂ ਖ਼ੇਤਰ ਦੇ ਖਿਡਾਰੀ ਖੇਡ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਇਸ ਸਾਲ ਵਿੱਚ ਪਟਿਆਲਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ 200 ਗੋਲਡ ਮੈਡਲ, 100 ਸਿਲਵਰ ਮੈਡਲ ਅਤੇ 100 ਹੀ ਬਰਾਂਜ਼ ਮੈਡਲ ਜਿੱਤੇ ਹਨ ਅਤੇ ਪਟਿਆਲਾ ਜ਼ਿਲ੍ਹਾ ਪਹਿਲੇ ਸਥਾਨ ‘ਤੇ ਰਿਹਾ ਹੈ।
ਖੇਡ ਅਫ਼ਸਰ ਨੇ ਚੇਅਰਮੈਨ ਨੂੰ ਖੇਡਾਂ ਸਬੰਧੀ ਆਪਣੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ, ਜਿਸ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀਆਂ ਲਈ ਇੱਕ ਹੋਸਟਲ ਦੀ ਮੰਗ ਕੀਤੀ ਗਈ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੁਰਾਕ ਸਹੂਲਤਾਂ ਤੇ ਪ੍ਰੈਕਟਿਸ ਕਰਨ ਲਈ ਖੇਡਾਂ ਦੇ ਸਾਜੋ ਸਮਾਨ ਦੀ ਮੰਗ ਕੀਤੀ।ਜਦੋਂਕਿ ਨਹਿਰੂ ਯੂਵਾ ਕੇਂਦਰ ਅਤੇ ਯੁਵਕ ਸੇਵਾਵਾਂ ਅਫ਼ਸਰ ਨੇ ਯੁਵਕ ਕਲੱਬਾਂ ਨੂੰ ਵੱਧ ਤੋਂ ਵੱਧ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ ਤਾਂ ਕਿ ਕਲੱਬਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ, ਜਿਸ ‘ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਇਹ ਮਸਲੇ ਸਰਕਾਰ ਤੱਕ ਪੁੱਜਦੇ ਕੀਤੇ ਜਾਣ ਦਾ ਭਰੋਸਾ ਦਿੱਤਾ।