ਆਈ.ਟੀ.ਬੀ.ਪੀ. ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਉੱਤਰ-ਪੱਛਮ ਫਰੰਟੀਅਰ ਫਰੀਡਮ ਹਾਫ਼ ਮੈਰਾਥਨ
ਪਟਿਆਲਾ, 13 ਅਗਸਤ:
ਇੰਡੋ ਤਿਬਤ ਸੀਮਾ ਪੁਲਿਸ ਬਲ ਦੀ ਇੱਥੇ ਚੌਰਾ ਰੋਡ ਵਿਖੇ ਸਥਿਤ 51ਵੀਂ ਬਟਾਲੀਅਨ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਉਂਦੇ ਹੋਏ 10.54 ਕਿਲੋਮੀਟਰ ਦੀ ਉੱਤਰ-ਪੱਛਮ ਫਰੰਟੀਅਰ ਫਰੀਡਮ ਹਾਫ਼ ਮੈਰਾਥਨ-2022 ਕਰਵਾਈ।
ਇਸ ਮੈਰਾਥਨ ਦੀ ਅਗਵਾਈ ਕਰਦਿਆਂ ਆਈ.ਟੀ.ਬੀ.ਪੀ. ਦੇ ਖੇਤਰੀ ਮੁੱਖ ਦਫ਼ਤਰ ਦਿੱਲੀ ਦੇ ਡੀ.ਆਈ.ਜੀ. ਨਿਰਭੈ ਸਿੰਘ ਅਤੇ 51ਵੀਂ ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਦੱਸਿਆ ਕਿ ਉੱਤਰ-ਪੱਛਮ ਫਰੰਟੀਅਰ, ਲੇਹ ਦੀ ਇਸ ਮੈਰਾਥਨ ਨੂੰ ਕਰਵਾਉਣ ਦੀ ਜਿੰਮੇਵਾਰੀ 51ਵੀਂ ਬਟਾਲੀਅਨ ਨੂੰ ਸੌਂਪੀ ਗਈ ਸੀ ਅਤੇ ਇਸ ਵਿੱਚ ਖੇਤਰੀ ਮੁੱਖ ਦਫ਼ਤਰ ਦਿੱਲੀ ਅਧੀਨ ਆਉਂਦੀਆਂ ਬਟਾਲੀਅਨਾਂ ‘ਚੋਂ 100 ਤੋਂ ਜਿਆਦਾ ਅਧਿਕਾਰੀਆਂ ਤੇ ਜਵਾਨਾਂ ਨੇ ਹਿੱਸਾ ਲਿਆ ਹੈ, ਜਿਨ੍ਹਾਂ ‘ਚ ਹਿਮਵੀਰ ਜਵਾਨ, 26ਵੀਂ, 28ਵੀਂ, 39ਵੀਂ, 42ਵੀਂ ਅਤੇ 51ਵੀਂ ਬਟਾਲੀਅਨ ਦੇ ਜਵਾਨ ਸ਼ਾਮਲ ਸਨ।
ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਪੂਰੇ ਜੋਸ਼ ਨਾਲ ਬਲਸੋਨ ਪੈਰਾਡਾਈਜ਼ ਚੌਰਾ ਰੋਡ, ਅਰਾਈ ਮਾਜਰਾ, ਢਿੱਲੋਂ ਫਨ ਵਰਲਡ, ਰਵਾਸ ਬ੍ਰਾਹਮਣਾ, ਸ਼ੇਰ ਮਾਜਰਾ, ਰਾਜਗੜ੍ਹ ਹੁੰਦੇ ਹੋਏ ਵਾਪਸੀ ਆਈ.ਟੀ.ਬੀ.ਪੀ. ਦੀ 51ਵੀਂ ਬਟਾਲੀਅਨ ਤੱਕ ਇਸ ਮੈਰਾਥਨ ‘ਚ ਹਿੱਸਾ ਲਿਆ, ਜਿਨ੍ਹਾਂ ਨੂੰ ਡੀ.ਆਈ.ਜੀ. ਨਿਰਭੈ ਸਿੰਘ ਤੇ ਕਮਾਂਡੈਂਟ ਬ੍ਰਿਜ ਮੋਹਨ ਸਿੰਘ ਨੇ ਨਗ਼ਦ ਰਾਸ਼ੀ ਨਾਲ ਸਨਮਾਨਤ ਕੀਤਾ।
ਇਸ ਮੌਕੇ 26ਵੀਂ ਬਟਾਲੀਅਨ ਦੇ ਸਿਪਾਹੀਆਂ ਕੰਵਰ ਖਿਆਲੀਆ ਤੇ ਸਿਪਾਹੀ ਲਲਿਤ ਮੋਹਨ ਨੇ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤੇ। 28ਵੀਂ ਬਟਾਲੀਅਨ ਦੇ ਸਿਪਾਹੀ ਮਨਜੀਤ ਕੁਮਾਰ ਨੇ ਤੀਜਾ ਅਤੇ 51ਵੀਂ ਬਟਾਲੀਅਨ ਦੇ ਸਿਪਾਹੀ ਬਲਜੀਤ ਸਿੰਘ ਤੇ ਅਮਿਤ ਕੁਮਾਰ ਨੇ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ। ਬਟਾਲੀਅਨ ਐਡਜੂਟੈਂਟ ਡਿਪਟੀ ਕਮਾਂਡੈਂਟ ਪੂਰਨ ਰਾਮ ਨੇ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਕਮਾਂਡੈਂਟ ਰਜਿੰਦਰ ਸਿੰਘ ਬਿਸ਼ਟ ਤੇ ਇੰਸਪੈਕਟਰ ਹਿੰਦੀ ਅਨੁਵਾਦਕ ਸੁਨੀਲ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ