ਪੀ.ਆਰ.ਟੀ.ਸੀ ਦੇ ਮੁੱਖ ਦਫਤਰ ਦੇ ਸਾਹਮਣੇ 6 ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ 800 ਤੋਂ ਵੱਧ ਗਿਣਤੀ ਵਿੱਚ ਵਰਕਰਾਂ ਵਲੋਂ ਵਿਸ਼ਾਲ ਰੋਸ ਧਰਨਾ
Harpreet Kaur ( The Mirror Time )
ਪਟਿਆਲਾ 18 ਅਪ੍ਰੈਲ : ਅੱਜ ਇੱਥੇ ਪਟਿਆਲਾ ਵਿਖੇ ਪੀ.ਆਰ.ਟੀ.ਸੀੀ ਦੇ ਮੁੱਖ ਦਫਤਰ ਦੇ ਸਾਹਮਣੇ 6 ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ 800 ਤੋਂ ਵੱਧ ਗਿਣਤੀ ਵਿੱਚ ਇਕੱਠੇ ਹੋਕੇ ਵਰਕਰਾਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਅਤੇ ਮੌਜੂਦਾ ਕਰਮਚਾਰੀਆਂ ਦੇ ਪੇ ਕਮਿਸ਼ਨ ਦੀ ਰਿਪੋਰਟ ਦਾ ਵਿੱਤੀ ਵਾਧਾ 6 ਮਹੀਨੇ ਬਾਅਦ ਲਾਗੂ ਕੀਤੇ ਜਾਣ ਕਾਰਨ ਜੋ 6 ਮਹੀਨੇ ਦਾ ਬਕਾਇਆ ਰਹਿੰਦਾ ਸੀ ਉਹ ਨਾ ਦਿੱਤੇ ਜਾਣ ਦੇ ਸਬੰਧ ਵਿੱਚ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ ਪਿਛਲੇ ਇੱਕ ਸਾਲ ਤੋਂ ਕੋਈ ਅਦਾਇਗੀ ਨਾ ਕੀਤੇ ਜਾਣ ਦੇ ਸਬੰਧ ਵਿੱਚ ਰੋਸ ਵਜੋਂ ਦਿੱਤਾ ਗਿਆ ਸੀ ਅਤੇ ਸਿਰਫ 13 ਕਰੋੜ ਦੀ ਕੁੱਲ ਅਦਾਇਗੀ ਕਰਨੀ ਬਾਕੀ ਰਹਿੰਦੀ ਹੈ, ਪਰ ਅਫਸੋਸ ਇਸ ਗਲ ਦਾ ਹੈ ਕਿ ਪੀ.ਆਰ.ਟੀ.ਸੀ. ਕੋਲ 30 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਾਰੀਆਂ ਜਰੂਰੀ ਲੋੜਾਂ ਪੂਰੀਆਂ ਕਰਕੇ ਬਾਕੀ ਪਈ ਹੈ। ਜਿਸ ਵਿਚੋਂ ਵਰਕਰਾਂ ਵਲੋਂ ਆਪਣੇ ਕਾਨੂੰਨੀ ਤੌਰ ਤੇ ਬਣਦੇ ਬਕਾਏ ਮੰਗੇ ਜਾ ਰਹੇ ਹਨ ਉਹ ਵੀ ਇੱਕ ਸਾਲ ਲੇਟ ਪਰ ਪੀ.ਆਰ.ਟੀ.ਸੀ. ਦੇ ਕੁੱਝ ਅਧਿਕਾਰੀ ਖਾਸ ਕਰਕੇ ਚੀਫ ਅਕਾਊਂਟਸ ਅਫਸਰ ਸਨਅਤੀ ਮਹੌਲ ਖਰਾਬ ਕਰਨ ਦੀ ਨਿਯਤ ਨਾਲ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ 13 ਕਰੋੜ ਰੁਪਏ ਦੀ ਅਦਾਇਗੀ ਨਹੀਂ ਹੋਣ ਦੇ ਰਿਹਾ। ਜੋ ਕਿ ਵਰਕਰਾਂ ਦੇ ਅਧਿਕਾਰ ਨੂੰ ਨਮੋਸ਼ੀ ਭਰੀ ਸਿੱਧੀ ਚੁਣੌਤੀ ਹੈ। ਜਿਸ ਕਰਕੇ ਵਰਕਰਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਹੀ ਮੁੱਖ ਕਾਰਨ ਸੀ ਕਿ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਬਰਾਨ ਸਰਵ ਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਅਤੇ ਮੁਹੰਮਦ ਖਲੀਲ ਦੀ ਅਗਵਾਈ ਵਿੱਚ ਇਹ ਵਿਸ਼ਾਲ ਧਰਨਾ ਦਿੱਤਾ ਗਿਆ। ਐਕਸ਼ਨ ਕਮੇਟੀ ਦੇ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਤੇ ਦੋਸ਼ ਲਾਇਆ ਕਿ ਉਹ ਵਰਕਰਾਂ ਦੇ ਹੱਕਾਂ ਨੂੰ ਕੁੱਚਲਣ ਦੀ ਮਾਨਸਿਕਤਾ ਅਧੀਨ ਵਰਕਰਾਂ ਨੂੰ ਇੱਕ ਤਰ੍ਹਾਂ ਤਾਨਾਸ਼ਾਹਾ ਵਾਂਗ ਪੈਸੇ ਹੋਣ ਦੇ ਬਾਵਜੂਦ ਮੁਨਕਰ ਹੋਕੇ ਗੈਰ ਜਿੰਮੇਵਾਰੀ ਵਾਲੀ ਰੋਲ ਨਿਭਾ ਰਹੀ ਹੈ, ਆਗੂਆਂ ਵਲੋਂ ਚੇਅਰਮੈਨ ਪੀ.ਆਰ.ਟੀ.ਸੀ. ਤੋਂ ਦਖਲ ਦੇ ਕੇ ਮਾਮਲਾ ਹੱਲ ਕਰਨ ਦੀ ਤਵੱਕੋ ਕੀਤੀ ਗਈ, ਜੇਕਰ ਫਿਰ ਵੀ ਇਹ ਮਸਲਾ ਹਲ ਨਾ ਕੀਤਾ ਗਿਆ ਤਾਂ 03 ਮਈ 2023 ਨੂੰ ਜਲੰਧਰ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਵਲੋਂ ਲੋਂਗ ਮਾਰਚ ਦੇ ਰੂਪ ਵਿੱਚ ਪੁੱਜਕੇ ਉੱਥੇ ਲੋਕ ਸਭਾ ਦੀ ਚੋਣ ਦੇ ਪ੍ਰਚਾਰ ਲਈ ਪੁੱਜੇ ਹੋਏ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਅਤੇ ਹੋਰ ਵਜੀਰਾਂ ਨੂੰ ਮੰਗ ਪੱਤਰ ਸੌਂਪਕੇ ਮਸਲੇ ਦਾ ਹੱਲ ਕਰਨ ਲਈ ਧਿਆਨ ਖਿਚਿਆ ਜਾਵੇਗਾ।