ਸਰਕਾਰੀ ਆਈ.ਐਚ.ਐਮ. ਇੰਸਟੀਚਿਊਟ ਵਿਦਿਆਰਥੀਆਂ ਲਈ ਵਿਦੇਸ਼ ਦੇ ਵੀ ਖੋਲ੍ਹ ਰਿਹਾ ਰਾਹ
ਪਟਿਆਲਾ, 21 ਜੂਨ:
ਪੰਜਾਬ ਸਰਕਾਰ ਦਾ ਅਦਾਰਾ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੇਟਰਿੰਗ ਟੈਕਨਾਲੋਜੀ ਵਿਦਿਆਰਥੀਆਂ ਲਈ ਪੇਸ਼ੇਵਾਰ ਕੋਰਸ ਦੇ ਨਾਲ ਹੀ ਪਲੇਸਮੈਂਟ ਵੀ ਕਰਵਾਉਂਦਾ ਹੈ। ਇੱਥੋਂ ਤੱਕ ਕਿ ਇਹ ਸਰਕਾਰੀ ਇੰਸਟੀਚਿਊਟ ਵਿਦਿਆਰਥੀਆਂ ਦੀ ਵਿਦੇਸ਼ ‘ਚ ਪੜਾਈ ਸਮੇਤ ਉੱਥੇ ਚੰਗੀਆਂ ਨੌਕਰੀਆਂ ਕਰਨ ਦੇ ਵੀ ਰਾਹ ਖੋਲ੍ਹ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਖੇ ਸਰਕਾਰੀ ਆਈ.ਐਚ.ਐਮ. ਬਠਿੰਡਾ ਇੰਸਟੀਚਿਊਟ ਦੀ ਪ੍ਰਿੰਸੀਪਲ ਰਾਜਨੀਤ ਕੋਹਲੀ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਨਾਲ ਸੰਬੰਧਿਤ ਇਹ ਸੰਸਥਾ 2009 ਵਿੱਚ ਬਠਿੰਡਾ ਵਿਖੇ ਸਰਕਾਰੀ ਕਾਲਜ ਪ੍ਰਾਹੁਣਚਾਰੀ ਉਦਯੋਗ ਨਾਲ ਸਬੰਧਤ ਪੇਸ਼ੇਵਰ ਕੋਰਸ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ ਆਈਲੈਟਸ ਕਰਨ ਤੋਂ ਬਾਅਦ ਬਾਹਰ ਜਾਣ ਦੀ ਦੌੜ ਲੱਗੀ ਹੋਈ ਹੈ ਜਦਕਿ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਅਜਿਹੇ ਸਰਕਾਰੀ ਕੋਰਸਾਂ ਤੋਂ ਜਾਗਰੂਕ ਹੀ ਨਹੀਂ ਹਨ, ਜਿਨ੍ਹਾਂ ਨੂੰ ਕਰਕੇ ਵਿਦਿਆਰਥੀ ਇੱਥੇ ਵੀ ਚੰਗੀ ਨੌਕਰੀ ਪ੍ਰਾਪਤ ਕਰ ਸਕਦਾ ਹੈ।
ਸ੍ਰੀਮਤੀ ਕੋਹਲੀ ਨੇ ਦੱਸਿਆ ਕਿ ਹਾਲ ਹੀ ਵਿੱਚ ਇੰਸਟੀਚਿਊਟ ਨੇ ਵੈਨਕੂਵਰ ਅਤੇ ਕੈਲੇਫੋਰਨੀਆ ਲਈ ਮਾਰਗ ਬਣਾਉਣ ਲਈ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਆਪਣੀ ਸਾਂਝ ਦੇ ਹਸਤਾਖਰ ਕੀਤੇ ਹਨ। ਇਹ ਕਾਲਜ ਵਿਦਿਆਰਥੀਆਂ ਨੂੰ ਹੋਰ ਪੜ੍ਹਾਈ ਲਈ ਵਿਦੇਸ਼ ਜਾਣ ਦੇ ਯੋਗ ਬਣਾਉਣਗੇ ਅਤੇ ਵਿਦਿਆਰਥੀਆਂ ਨੂੰ ਸੰਬੰਧਿਤ ਖੇਤਰਾਂ ਵਿੱਚ ਨੌਕਰੀਆਂ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਹੋਟਲ ਪ੍ਰਬੰਧਨ ਇੱਕ ਬਹੁਤ ਹੀ ਬਹੁਮੁਖੀ ਅਤੇ ਪੇਸ਼ਵਰ ਕੋਰਸ ਹੈ ਜੋ ਬਹੁਤ ਸਾਰੀਆਂ ਵੱਖ-ਵੱਖ ਸੰਸਥਾਵਾਂ ਲਈ ਮਨੁੱਖੀ ਸ਼ਕਤੀ ਨੂੰ ਪੂਰਾ ਕਰਦਾ ਹੈ। ਇਨ੍ਹਾਂ ਕੋਰਸਾਂ ਤੋਂ ਬਾਅਦ ਵਿਦਿਆਰਥੀ ਹੋਟਲ, ਏਅਰਲਾਈਨਜ਼, ਰੇਲਵੇ, ਕਸਟਮਰ ਕੇਅਰ, ਐਗਜ਼ੀਕਿਊਟਿਵ ਆਦਿ ‘ਚ ਆਪਣਾ ਵਿਕਲਪ ਚੁਣ ਸਕਦਾ ਹੈ। ਇਸ ਦੇ ਨਾਲ ਹੀ ਕੈਨੇਡਾ, ਅਮਰੀਕਾ, ਯੂਏਈ, ਸਿੰਗਾਪੁਰ, ਥਾਈਲੈਂਡ, ਮਾਰੀਸ਼ਸ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸਾਂ ਵਿੱਚ ਵੀ ਨੌਕਰੀਆਂ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਇਸ ਸਰਕਾਰੀ ਇੰਸਟੀਚਿਊਟ ‘ਚ ਕਾਲਜ ਡਿਪਲੋਮਾ (1.5 ਸਾਲ), ਬੀਐਸਸੀ ਡਿਗਰੀ 3 ਸਾਲ ਅਤੇ ਭਾਰਤ ਸਰਕਾਰ ਦੇ ਮੰਤਰਾਲੇ ਦੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਤਹਿਤ ਵੱਖ-ਵੱਖ ਛੋਟੀ ਮਿਆਦ ਦੇ ਮੁਫ਼ਤ ਕੋਰਸ ਵੀ ਕਰਵਾਉਂਦਾ ਹੈ। ਡਿਗਰੀ ਵਿੱਚ 120, ਡਿਪਲੋਮਾ ਵਿੱਚ 120 ਅਤੇ ਸਰਟੀਫਿਕੇਟ ਕੋਰਸ ਵਿੱਚ 80 ਸੀਟਾਂ ਉਪਲਬਧ ਹਨ। ਇਸ ਮੌਕੇ ਰਾਜ ਕੁਮਾਰ ਸਿੰਗਲਾ, ਰਿਤੂ ਬਾਲਾ ਗਰਗ, ਸੁਖਪਾਲ ਕੌਰ ਆਦਿ ਵੀ ਮੌਜੂਦ ਸਨ।