ਆਈ.ਏ.ਐਸ. ਸਹਾਇਕ ਕਮਿਸ਼ਨਰ ਵੱਲੋਂ ਆਂਗਨਵਾੜੀ ਸੈਂਟਰਾਂ ਦਾ ਅਚਨਚੇਤ ਦੌਰਾ
ਪਟਿਆਲਾ, 21 ਸਤੰਬਰ:
ਪਟਿਆਲਾ ਦੇ ਸਹਾਇਕ ਕਮਿਸਨਰ (ਸਿਖਲਾਈ ਅਧੀਨ ਆਈ.ਏ.ਐਸ.) ਡਾ. ਅਕਸ਼ਿਤਾ ਗੁਪਤਾ ਨੇ ਅੱਜ ਸੀ.ਡੀ.ਪੀ.ਓ. ਮਿਸ ਪ੍ਰਿਆ ਅਤੇ ਸੀ.ਡੀ.ਪੀ.ਓ ਮਿਸ ਕੋਮਲਪ੍ਰੀਤ ਕੌਰ ਨੂੰ ਨਾਲ ਲੈ ਕੇ ਪਟਿਆਲੇ ਦੇ ਦਰਜਨ ਦੇ ਕਰੀਬ ਆਂਗਨਵਾੜੀ ਸੈਂਟਰਾਂ ਦਾ ਅਚਨਚੇਤ ਦੌਰਾ ਕੀਤਾ।
ਇੱਥੇ ਕ੍ਰਿਸਨ ਨਗਰ, ਭਾਰਤ ਨਗਰ ਅਤੇ ਰਾਜਪੁਰਾ ਕਲੋਨੀ ਦੇ ਸੈਂਟਰਾਂ ਵਿਖੇ ਬੱਚਿਆਂ, ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਨੇ ਪੋਸ਼ਣ ਅਭਿਆਨ ਅਧੀਨ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਵੇਰਵਾ ਵੀ ਲਿਆ।
ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਜੇਕਰ ਕਿਸੇ ਵੀ ਆਂਗਨਵਾੜੀ ਸੈਂਟਰ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ। ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸ਼ਣ ਮਾਂਹ ਅਧੀਨ ਬਲਾਕ ਪਟਿਆਲਾ (ਅਰਬਨ) ਵਿੱਚ ਗਰੋਥ ਮੋਨੀਟਰਿੰਗ ਵੱਲ ਖਾਸ ਧਿਆਨ ਦਿਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਿਆਦਾ ਤੋਂ ਜਿਆਦਾ ਆਂਗਨਵਾੜੀ ਸੈਂਟਰਾਂ ਵਿੱਚ ਪੋਸਣ ਵਾਟਿਕਾਵਾਂ ਸਥਾਪਿਤ ਕੀਤੀਆਂ ਜਾਣਗੀਆਂ।
ਸਹਾਇਕ ਕਮਿਸ਼ਨਰ ਡਾ. ਗੁਪਤਾ ਨੇ ਕਿਹਾ ਕਿ ਕੋਈ ਵੀ ਆਂਗਨਵਾੜੀ ਵਰਕਰ ਜਾਂ ਹੈਲਪਰ ਆਪਣੀ ਡਿਊਟੀ ਪ੍ਰਤੀ ਕੋਤਾਹੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਹਰ ਇਕ ਸਹੂਲਤ ਨੂੰ ਛੋਟੇ ਬੱਚਿਆਂ ਅਤੇ ਲਾਭਪਾਤਰੀਆਂ ਤੱਕ ਸਹੀ ਢੰਗ ਨਾਲ ਪਹੁੰਚਾਇਆ ਜਾਣਾ ਯਕੀਨੀ ਬਣਾਇਆ ਜਾਵੇ।