ਹੈੱਡ ਟੀਚਰਾਂ ਨੂੰ ਜਾਰੀ ਕੀਤੇ ‘ਕਾਰਨ ਦੱਸੋ ਨੋਟਿਸ’ ਤੁਰੰਤ ਵਾਪਸ ਲੈਣ ਦੀ ਮੰਗ
Ajay verma (The Mirror Time)
ਡੀਟੀਐੱਫ਼ ਤੇ ਈਟੀਯੂ ਦਾ ਸਾਂਝਾ ਵਫਦ ਮਿਲਿਆ ਡੀਈਓ ਐਲੀਮੈਂਟਰੀ ਮੋਗਾ ਨੂੰ
5 ਮਈ ( ਮੋਗਾ ) ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਮੋਗਾ ਦਾ ਸਾਂਝਾ ਵਫਦ ਅੱਜ 4 ਮਈ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਗਾ ਨੂੰ ਸੁਖਪਾਲਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਡੀਟੀਐੱਫ਼ ਤੇ ਸੁਰਿੰਦਰ ਸ਼ਰਮਾ ਜਿਲ੍ਹਾ ਪ੍ਰਧਾਨ ਈਟੀਯੂ ਦੀ ਅਗਵਾਈ ਵਿੱਚ ਮਿਲਿਆ। ਜ਼ਿਲ੍ਹਾ ਅਧਿਕਾਰੀ ਨਾਲ ਹੋਈ ਮੀਟਿੰਗ ਵਿੱਚ ਏਜੰਡੇ ਵਿਚਾਰੇ ਗਏ ਕਿ ਪਿਛਲੇ ਦਿਨੀਂ ਪੰਜਵੀਂ ਕਲਾਸ (ਸੈਸ਼ਨ:2020-21)ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਅਤੇ ਪ੍ਰੀਖਿਆ ਚਲਾਨ ਜੈਨਰੇਟ ਕਰਨ ਸੰਬੰਧੀ ਪੈਦਾ ਹੋਏ ਮਸਲੇ ਵਿੱਚ ਡੀਈਓ ਐਲੀ ਮੋਗਾ ਵੱਲੋਂ ਸੰਬੰਧਤ ਸਕੂਲਾਂ ਦੇ ਹੈੱਡ ਟੀਚਰਜ਼ ਨੂੰ ਸਿਵਲ ਸੇਵਾਵਾਂ ਨਿਯਮ 10 ਅਧੀਨ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ। ਇਸ ਮਸਲੇ ‘ਤੇ ਪੱਖ ਪੇਸ਼ ਕਰਦਿਆਂ ਵਫਦ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਸੈਸ਼ਨ 2020-21 ਦੇ ਪੰਜਵੀਂ ਦੇ ਵਿਦਿਆਰਥੀ ਹੁਣ ਸੱਤਵੀਂ ਜਮਾਤ ਵਿੱਚ ਪੜ੍ਹ ਰਹੇ ਹਨ ਅਤੇ ਹੁਣ ਦੋ ਸਾਲ ਬਾਅਦ ਵਿਭਾਗ ਦੁਆਰਾ ਪੁਰਾਣਾ ਮਸਲਾ ਉਠਾਉਣਾ ਉੱਚਿਤ ਨਹੀਂ ਹੈ। ਦੂਸਰਾ ਪੱਖ ਇਹ ਕਿ ਲਾਜ਼ਮੀ ਸਿੱਖਿਆ ਕਾਨੂੰਨ-2009 ਅਨੁਸਾਰ ਅੱਠਵੀਂ ਕਲਾਸ (ਮਿਡਲ ਸਟੈਂਡਰਡ) ਤੱਕ ਕਿਸੇ ਵੀ ਵਿਦਿਆਰਥੀ ਤੋਂ ਫੀਸ ਲੈਣੀ, ਚਲਾਨ ਜੈਨਰੇਟ ਕਰਨ ਦਾ ਮਸਲਾ ਪੈਦਾ ਕਰਨਾ ਦੋਵੇਂ ਹੀ ਗੈਰ-ਕਾਨੂੰਨੀ ਹਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉੱਕਤ ਮਸਲੇ ਅਧੀਨ ਕਾਨੂੰਨ ਦੀ ਉਲੰਘਣਾ ਕਰਕੇ ਫੀਸਾਂ/ਜੁਰਮਾਨੇ ਵਸੂਲੇ ਹਨ। ਇਸਤੋਂ ਇਲਾਵਾ ਧੱਕੇਸ਼ਾਹੀ ਇਹ ਕਿ ਬੋਰਡ ਸੰਬੰਧਤ ਸਕੂਲ ਮੁਖੀਆਂ ‘ਤੇ ਕਾਰਵਾਈ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਨੂੰ ਲਿਖ ਰਿਹਾ ਹੈ। ਇਸਦੀ ਲੜੀ ਵਿੱਚ ਡਾਇਰੈਕਟਰ, ਪ੍ਰਾਇਮਰੀ ਸਿੱਖਿਆ, ਪੰਜਾਬ ਸੰਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵਿਭਾਗੀ ਨਿਯਮਾਂ ਅਨੁਸਾਰ ਕਰਮਚਾਰੀਆਂ ‘ਤੇ ਕਾਰਵਾਈ ਕਰਨ ਦੇ ਹੁਕਮ ਚਾੜ੍ਹ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਆਗੂਆਂ ਨੇ ਕਿਹਾ ਕਿ ਇਸ ਤਰਾਂ ਦੀਆਂ ਕਾਰਵਾਈਆਂ ਕਰਨਾ ਗੈਰ ਸੰਵਿਧਾਨਿਕ ਹੈ। ਵਫ਼ਦ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸੰਬੰਧਤ ਹੈੱਡ ਟੀਚਰਾਂ ਨੂੰ ਰੂਲ-10 ਅਧੀਨ ਜਾਰੀ ਕੀਤੇ ‘ਕਾਰਨ ਦੱਸੋ ਨੋਟਿਸ’ ਰੱਦ ਕਰਕੇ ਦਫ਼ਤਰ-ਦਾਖਲ ਕੀਤੇ ਜਾਣ। ਵਫ਼ਦ ਦੇ ਨੁਮਾਇੰਦਿਆਂ ਨੇ ਪ੍ਰਾਇਮਰੀ ਸਕੂਲਾਂ ਵਿੱਚ ਪੈਦਾ ਹੋਈ ਅਧਿਆਪਕਾਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਦਾ ਮਸਲਾ ਜ਼ਿਲ੍ਹਾ ਅਧਿਕਾਰੀ ਅੱਗੇ ਰੱਖਿਆ। ਆਗੂਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚੋਂ ਬਹੁਤੇ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ ਅਤੇ ਸਿਰਫ ਡੈਪੂਟੇਸ਼ਨ ‘ਤੇ ਅਧਿਆਪਕ ਭੇਜ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨਾਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਸੱਖਣੇ ਸਕੂਲਾਂ ਤੇ ਅਧਿਆਪਕਾਂ ਦੀ ਘਾਟ ਨਾਲ ਨਜਿੱਠ ਰਹੇ ਸਕੂਲਾਂ ਵਿੱਚ ਪੱਕੇ ਤੌਰ ‘ਤੇ ਅਧਿਆਪਕ ਭੇਜੇ ਜਾਣ। ਇਸ ਵਫ਼ਦ ਵਿੱਚ ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜਗਵੀਰਨ ਕੌਰ ਜ਼ਿਲ੍ਹਾ ਸਕੱਤਰ, ਜਿਲਾ ਕਮੇਟੀ ਮੈਂਬਰਾਨ ਮਧੂ ਬਾਲਾ, ਅਮਨਦੀਪ ਮਾਛੀਕੇ, ਗੁਰਮੀਤ ਝੋਰੜਾਂ, ਜਗਦੇਵ ਮਹਿਣਾ, ਦੀਪਕ ਮਿੱਤਲ ਤੋਂ ਇਲਾਵਾ ਹੀਰਾ ਸਿੰਘ ਢਿੱਲੋਂ, ਜਸਵੀਰ ਸੈਦੋਕੇ, ਨਵਦੀਪ ਹਿੰਮਤਪੁਰਾ, ਕਮਲ ਮਾਨ, ਹਰਪ੍ਰੀਤ ਰਾਮਾ, ਅਮਨਪ੍ਰੀਤ ਬੌਡੇ, ਸੁਖਮੰਦਰ ਸਿੰਘ, ਈਟੀਯੂ ਵੱਲੋਂ ਸੁਰਜੀਤ ਸਿੰਘ ਸਮਰਾਟ , ਗੁਰਮੁੱਖ ਸਿੰਘ ਤੂਰ, ਹਰਸ਼ਰਨ ਸਿੰਘ, ਚਰਨਜੀਤ ਥਰਾਜ ਹੈੱਡ ਟੀਚਰ ਚੁੱਪਕੀਤੀ, ਜਤਿੰਦਰ ਸਿੰਘ, ਕੁਲਵੰਤ ਸਿੰਘ ਪੱਤੋ ਹੈੱਡ ਟੀਚਰ ਸਮੇਤ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਅਧਿਆਪਕ ਹਾਜਰ ਸਨ।