EducationPunjab-ChandigarhTop News

ਭਾਸ਼ਾ ਵਿਭਾਗ ਵੱਲੋਂ ਕੈਨੇਡਾ ਵੱਸਦੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਰੂਬਰੂ ਸਮਾਗਮ ਆਯੋਜਿਤ

ਪਟਿਆਲਾ, 5 ਮਈ:
ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਅੱਜ ਕੈਨੇਡਾ ਵੱਸਦੀ ਕਹਾਣੀਕਾਰਾ ਗੁਰਮੀਤ ਪਨਾਗ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਰਚਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਆਲੋਚਕ ਡਾ. ਧਨਵੰਤ ਕੌਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਅਰਵਿੰਦਰ ਕੌਰ ਕਾਕੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਬਹੁਤ ਸਾਰੇ ਵਿਦਵਾਨ, ਲਿਖਾਰੀ ਤੇ ਸਾਹਿਤ ਰਸੀਏ ਹਾਜ਼ਰ ਸਨ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਵਿਭਾਗ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਹਿਤਕਾਰ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਸਤਿਕਾਰ ਦੇਣਾ ਸਾਡਾ ਫ਼ਰਜ਼ ਬਣਦਾ ਹੈ।
ਕਹਾਣੀਕਾਰਾ ਗੁਰਮੀਤ ਪਨਾਗ ਨੇ ਬੜੇ ਸੰਖੇਪ ਤੇ ਸਪਸ਼ਟ ਸ਼ਬਦਾਂ ‘ਚ ਆਪਣੇ ਸਾਹਿਤਕ ਸਫ਼ਰ ਤੇ ਨਿੱਜੀ ਜੀਵਨ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਦਾ ਅਧਾਰ ਪ੍ਰਵਾਸ, ਪਰਿਵਾਰ ਦੇ ਸੰਸਕਾਰਾਂ ਅਤੇ ਅਜ਼ਾਦ ਹਿੰਦ ਫ਼ੌਜ ਨਾਲ ਜੁੜੇ ਹੋਣਾ ਬਣਿਆ। ਸ੍ਰੀਮਤੀ ਪਨਾਗ ਨੇ ਦੱਸਿਆ ਕਿ ਭਾਰਤ ‘ਚ ਰਹਿੰਦਿਆਂ ਉਸ ਨੇ ਵੱਖ-ਵੱਖ ਅਖਬਾਰਾਂ ਦੇ ਇਸ਼ਤਿਹਾਰ ਵਿਭਾਗਾਂ ‘ਚ ਕੰਮ ਕੀਤਾ ਅਤੇ 1993 ‘ਚ ਕੈਨੇਡਾ ਜਾ ਵਸੀ ਅਤੇ ਦੁਨੀਆ ਦਾ ਉੱਚ ਕੋਟੀ ਦਾ ਸਾਹਿਤ ਪੜ੍ਹਿਆ। ਜਿਸ ਉਪਰੰਤ ਉਹ 2011 ‘ਚ ਕੈਨੇਡਾ ਦੀ ਧਰਤੀ ‘ਤੇ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਪੰਜਾਬੀ ਦੇ ਨਾਮਵਰ ਲਿਖਾਰੀਆਂ ਤੇ ਵਿਦਵਾਨਾਂ ਨੂੰ ਮਿਲੀ। ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਹ ਲਿਖਣ ਵੱਲ ਆਈ। ਉਨ੍ਹਾਂ ਦੱਸਿਆ ਕਿ ਕਹਾਣੀਕਾਰਾ ਵੀਨਾ ਵਰਮਾ ਨੇ ਉਸ ਦੀ ਕਹਾਣੀ ਲਿਖਣ ਵਾਲੀ ਸਮਰੱਥਾ ਨੂੰ ਪਹਿਚਾਣਿਆ ਅਤੇ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਸ ਨੂੰ ਰਬਿੰਦਰ ਨਾਥ ਟੈਗੋਰ ਵੱਲੋਂ ਆਪਣੀ ਮਾਤ ਭਾਸ਼ਾ ‘ਚ ਲਿਖਣ ਦੀ ਪ੍ਰੇਰਨਾ ਮਿਲੀ। ਸ੍ਰੀਮਤੀ ਪਨਾਗ ਨੇ ਦੱਸਿਆ ਕਿ ਉਸ ਨੇ ਭਾਵੇਂ ਕੈਨੇਡਾ ਦੇ ਅਖਬਾਰਾਂ ‘ਚ ਅੰਗਰੇਜ਼ੀ ਭਾਸ਼ਾ ‘ਚ ਲਿਖਣਾ ਸ਼ੁਰੂ ਕੀਤਾ ਪਰ ਜਲਦੀ ਹੀ ਉਹ ਪੰਜਾਬੀ ‘ਚ ਕਹਾਣੀ ਲਿਖਣ ਲੱਗੀ , ਜਿਸ ਨਾਲ ਉਸ ਨੂੰ ਅਸਲੀ ਸਾਹਿਤਕ ਤ੍ਰਿਪਤੀ ਮਿਲਣ ਲੱਗੀ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਮੁਰਗਾਬੀਆਂ’ 2018 ‘ਚ ਪ੍ਰਕਾਸ਼ਤ ਹੋਈ।
ਡਾ. ਧਨਵੰਤ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਨ ‘ਚ ਕਿਹਾ ਕਿ ਗੁਰਮੀਤ ਪਨਾਗ ਦੀਆਂ ਕਹਾਣੀਆਂ ਨੇ ਪੰਜਾਬੀ ਕਹਾਣੀ ਦਾ ਦਾਇਰਾ ਵਿਸ਼ਾਲ ਕੀਤਾ ਹੈ। ਸ੍ਰੀਮਤੀ ਪਨਾਗ ਦੀਆਂ ਕਹਾਣੀਆਂ ‘ਚ ਕੈਨੇਡਾ ਦੇ ਮੂਲ ਵਾਸੀਆਂ, ਪ੍ਰਵਾਸੀਆਂ ਤੇ ਨਸਲੀ ਵਿਤਕਰੇ ਨੂੰ ਬਾਖੂਬੀ ਚਿੱਤਰਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ਨੇ ਪੰਜਾਬੀ ਕਹਾਣੀ ਨੂੰ ਕੌਮਾਂਤਰੀ ਪੱਧਰ ‘ਤੇ ਲਿਆ ਖੜਾ ਕੀਤਾ ਹੈ। ਮੁੱਖ ਮਹਿਮਾਨ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਗੁਰਮੀਤ ਕੌਰ ਪਨਾਗ ਦਾ ਜਿਸ ਤਰ੍ਹਾਂ ਦਾ ਸਾਫਗੋਈ ਨਾਲ ਗੱਲ ਕਰਨ ਵਾਲਾ ਸੁਭਾਅ ਹੈ, ਉਸੇ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਕਹਾਣੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ, ਕਥਾ ਕਹਿਣ ਦੇ ਨਾਲ-ਨਾਲ ਇਤਿਹਾਸਕ, ਸਭਿਆਚਾਰਕ ਤੇ ਅੰਤਰਰਾਸ਼ਟਰੀ ਮੁੱਦਿਆਂ ਦਾ ਦਸਤਾਵੇਜ਼ ਵੀ ਹਨ। ਡਾ. ਪੁਸ਼ਵਿੰਦਰ ਕੌਰ ਨੇ ਕਿਹਾ ਕਿ ਗੁਰਮੀਤ ਪਨਾਗ ਦੀਆਂ ਕਹਾਣੀਆਂ ਮਾਨਵੀ ਅਹਿਸਾਸਾਂ ਤੇ ਪ੍ਰਵਾਸ ਦੇ ਪੰਜਾਬੀ ਸਮਾਜ ‘ਤੇ ਪ੍ਰਭਾਵ ਦੀ ਵਧੀਆ ਪੇਸ਼ਕਾਰੀ ਕਰਦੀਆਂ ਹਨ। ਪ੍ਰੋ. ਸੋਹਜਦੀਪ ਨੇ ਸ੍ਰੀਮਤੀ ਪਨਾਗ ਦੀ ਸਾਹਿਤਕ ਦੇਣ ਬਾਰੇ ਆਪਣੇ ਪਰਚੇ ਰਾਹੀਂ ਉਨ੍ਹਾਂ ਦੀ ਇੱਕ-ਇੱਕ ਕਹਾਣੀ ਦੀ ਬਾਖੂਬੀ ਪੜਚੋਲ ਕੀਤੀ। ਉਨ੍ਹਾਂ ਕਿਹਾ ਕਿ ਪਨਾਗ ਦੀਆਂ ਕਹਾਣੀਆਂ ਮਾਨਵੀ ਰਿਸ਼ਤਿਆਂ, ਪ੍ਰਵਾਸ ਦਾ ਮਨੁੱਖ ਦੇ ਸੱਭਿਆਚਾਰ ‘ਤੇ ਪ੍ਰਭਾਵ, ਨਸਲੀ ਵਿਤਕਰੇ ਦਾ ਅਧਾਰ ਬਣਨ ਵਾਲੇ ਹਾਲਾਤਾਂ ਤੇ ਇਕੱਲਤਾ ਦੀ ਬਾਤ ਪਾਉਂਦੀਆਂ ਹਨ। ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ ਨੇ ਸ਼ਾਇਰਾਨਾ ਅੰਦਾਜ਼ ‘ਚ ਕੀਤਾ। ਅਖੀਰ ‘ਚ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਸਭ ਦਾ ਧੰਨਵਾਦ ਕੀਤਾ। ਵਿਭਾਗ ਵੱਲੋਂ ਡਾ. ਧਨਵੰਤ ਕੌਰ, ਡਾ. ਅਰਵਿੰਦਰ ਕੌਰ ਕਾਕੜਾ, ਗੁਰਮੀਤ ਪਨਾਗ ਤੇ ਪ੍ਰੋ. ਸੋਹਜਦੀਪ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ, ਸਹਾਇਕ ਨਿਰਦੇਸ਼ਕਾਕਮਲਜੀਤ ਕੌਰ, ਹਰਭਜਨ ਕੌਰ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਸੁਖਪ੍ਰੀਤ ਕੌਰ, ਅਸ਼ਰਫ ਮਹਿਮੂਦ ਨੰਦਨ, ਸਤਨਾਮ ਸਿੰਘ, ਆਲੋਕ ਚਾਵਲਾ, ਅਮਰਿੰਦਰ ਸਿੰਘ ਤੇ ਪਰਵੀਨ ਕੁਮਾਰ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button