ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ—ਪ੍ਰਸਾਰ ਲਈ ਅੱਗੇ ਆਏ ਹਰਿਆਣਾ ਦੇ ਅਧਿਆਪਕ, ਕਿਹਾ ਪੰਜਾਬੀ ਬਹੁਤ ਹੀ ਮਿੱਠੀ ਭਾਸ਼ਾ।
Harpreet Kaur ( The Mirror Time )
ਪਟਿਆਲਾ : ਅੰਤਰ ਰਾਸ਼ਟਰੀ ਸਿੱਖਿਆ ਸ਼ਾਸ਼ਤਰੀ ਸੁਸ਼ੀਲ ਕੁਮਾਰ ਆਜ਼ਾਦ ਅਤੇ ਅਨਿਲ ਕੁਮਾਰ ਭਾਰਤੀ ਦੀ, ਮਾਂ ਬੋਲੀ ਪੰਜਾਬੀ ਦੇ ਪ੍ਰਚਾਰ—ਪ੍ਰਸਾਰ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਹੋਰ ਵੀ ਬਲ ਪ੍ਰਾਪਤ ਹੋਇਆ ਜਦੋਂ ਹਰਿਆਣਾ ਦੇ ਅਧਿਆਪਕਾਂ ਅਤੇ ਸਮਾਜ ਸੇਵਕਾਂ ਨੇ ਹਰਿਆਣਾ ਵਿੱਚ ਹਿੰਦੀ ਭਾਸ਼ਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ—ਪ੍ਰਸਾਰ ਲਈ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੰਕਲਪ ਲਿਆ।
ਇਹ ਮੌਕਾ ਸੀ ਲੀਲਾਵਤੀ ਸਦਨ, ਮੁਕਤ ਇਨਕਲੇਵ, ਸੰਗਰੂਰ ਰੋਡ ਪਟਿਆਲ਼ਾ ਵਿਖੇ ਆਯੋਜਿਤ ਸਿੱਖਿਆ ਸ਼ਾਸ਼ਤਰੀਆਂ ਦੇ ਸੰਗਮ ਦਾ। ਜਿਸ ਦੌਰਾਨ ਅੰਤਰਰਾਸ਼ਟਰੀ ਸਿੱਖਿਆ ਸ਼ਾਸ਼ਤਰੀ ਅਨਿਲ ਕੁਮਾਰ ਭਾਰਤੀ ਦੀ ਤ੍ਰਿਭਾਸ਼ਾ ਤੁਲਨਾਤਮਿਕ ਗਿਆਨ ਵਿਕਾਸ ਪੱਧਤੀ ਤੇ ਇੱਕ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਸਿੱਖਿਆ ਸ਼ਾਸ਼ਤਰੀ ਸੁਸ਼ੀਲ ਕੁਮਾਰ ਅਜ਼ਾਦ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਅਜ਼ਾਦ ਨੇ ਕਿਹਾ ਕਿ ਤ੍ਰਿਭਾਸ਼ਾ ਤੁਲਨਾਤਮਿਕ ਗਿਆਨ ਵਿਕਾਸ ਪੱਧਤੀ ਦੀ ਖੋਜ ਕਰਕੇ ਸ੍ਰੀ ਅਨਿਲ ਕੁਮਾਰ ਭਾਰਤੀ ਨੇ ਨਾ ਕੇਵਲ ਭਾਰਤ ਨੂੰ ਬਲਕਿ ਪੂਰੀ ਦੁਨੀਆ ਨੂੰ ਇੱਕ ਸ਼ਾਨਦਾਰ ਉਪਹਾਰ ਦਿੱਤਾ ਹੈ। ਇਸ ਪੱਧਤੀ ਦੇ ਸਦ ਪ੍ਰਯੋਗ ਨਾਲ ਭਾਰਤ ਦੇ ਵੱਖ—ਵੱਖ ਹਿੱਸਿਆ ਦੇ ਨਾਲ ਨਾਲ ਰੂਸ, ਆਸਟਰੇਲੀਆ, ਇੰਗਲੈਂਡ, ਕਨੇਡਾ ਵਰਗੇ ਕਈ ਦੇਸ਼ਾਂ ਵਿੱਚ ਹਿੰਦੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਨੂੰ ਸਿਖਣਾ ਅਤੇ ਸਿਖਾਉਣਾ ਬਹੁਤ ਹੀ ਅਸਾਨ ਹੋ ਗਿਆ ਹੈ।
ਇਸ ਮੌਕੇ ਤੇ ਰਤਿਆ ਹਰਿਆਣਾ ਤੋਂ ਪਧਾਰੇ ਇਤਿਹਾਸ ਦੇ ਲੈਕਚਰਾਰ ਸ੍ਰੀ ਸ਼ਾਤੀ ਕੁਮਾਰ ਅਤੇ ਲਾਂਬਾ ਹਰਿਆਣਾ ਤੋਂ ਪਧਾਰੇ ਹਿੰਦੀ ਦੇ ਲੈਕਚਰਾਰ ਸ੍ਰੀ ਡਾ. ਹਰਪਾਲ ਸਿੰਘ ਅਤੇ ਬਲਾਣਾ ਹਰਿਆਣਾ ਤੋਂ ਪਧਾਰੇ ਅੰਗਰੇਜੀ ਦੇ ਲੈਕਚਰਾਰ ਸ੍ਰੀ ਰਾਮ ਗੋਪਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇੱਕੋ ਸਮੇਂ ਵਿੱਚ ਹਿੰਦੀ, ਪੰਜਾਬੀ ਅਤੇ ਅੰਗਰੇਜੀ ਭਾਸ਼ਾਵਾਂ ਦਾ ਮੁੱਢਲਾ ਗਿਆਨ ਪ੍ਰਦਾਨ ਕਰਨ ਵਾਲੀ ਕਿਤਾਬ ਥ੍ਰੀ ਇਨ ਵਨ ਲਿੰਗੂਇਸਟਿਕ ਮੈਜਿਕ ਇੱਕ ਜਾਦੂਈ ਕਿਤਾਬ ਦੀ ਤਰ੍ਹਾਂ ਹੀ ਹੈ ਅਤੇ ਇਸ ਕਿਤਾਬ ਦੀ ਸਹਾਇਤਾ ਨਾਲ ਬਹੁਤ ਹੀ ਅਸਾਨੀ ਦੇ ਨਾਲ ਨਾਲ ਤਿੰਨੋ ਭਾਸ਼ਾਵਾ ਸਿਖਾਈਆਂ ਜਾ ਸਕਦੀਆਂ ਹਨ। ਹੁਣ ਇਨ੍ਹਾਂ ਸਭਨਾ ਸਿੱਖਿਆ ਸ਼ਾਸ਼ਤਰੀਆਂ ਨੇ ਆਪਣੇ ਵਿਦਿਆਰਥੀਆਂ ਦੇ ਨਾਲ ਨਾਲ ਹੋਰ ਹਰਿਆਣਵੀਆਂ ਨੂੰ ਵੀ ਹਿੰਦੀ ਦੇ ਨਾਲ ਨਾਲ ਪੰਜਾਬੀ ਵੀ ਸਿਖਾਉਣ ਦ ਬੀੜਾ ਚੁੱਕਿਆ ਹੈ।
ਪ੍ਰੋਗਰਾਮ ਵਿੱਚ ਖਾਸ ਮਹਿਮਾਨ ਵਜੋਂ ਪਧਾਰੇ ਪਿੰਡ ਬੜਸੀ ਜ਼ਿਲ੍ਹਾ ਭਿਵਾਨੀ ਹਰਿਆਣਾ ਤੋਂ ਪਧਾਰੇ ਜਿਲਾ ਪਾਰਸ਼ਦ ਸ੍ਰੀ ਅਮਿਤ ਕੁਮਾਰ ਅਤੇ ਉੱਘੇ ਸਮਾਜ ਸੇਵਕ ਸ੍ਰੀ ਟੋਨੀ ਪਰਾਸ਼ਰ ਨੇ ਵੀ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ।