ਪਹਿਲੀ ਵਾਰ ਪੰਜਾਬ ਦੇ 86 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ, ਪਟਿਆਲਾ ‘ਚ 300 ਕਰੋੜ ਰੁਪਏ ਤੋਂ ਵੱਧ ਦੀ ਹੋਈ ਬੱਚਤ : ਚੇਤਨ ਸਿੰਘ ਜੌੜਾਮਾਜਰਾ
Harpreet kaur ( TMT)
ਪਟਿਆਲਾ, 17 ਮਈ:
ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਉਤੇ 600 ਯੂਨਿਟ ਮਾਫ਼ ਕਰਨ ਨਾਲ ਵੱਡੇ ਪੱਧਰ ‘ਤੇ ਸੂਬਾ ਵਾਸੀਆਂ ਨੂੰ ਫ਼ਾਇਦਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇਹ ਬਿੱਲ ਜਿੱਥੇ ਆਪਣੇ ਪੱਧਰ ‘ਤੇ ਭਰੇ ਗਏ ਹਨ, ਉਥੇ ਹੀ ਬਿਜਲੀ ਖਪਤਕਾਰਾਂ ਦੀ ਬੱਚਤ ਹੋਣ ਨਾਲ ਚਿਹਰੇ ਰੁਸ਼ਨਾਏ ਹੋਏ ਹਨ। ਪਹਿਲੀ ਵਾਰ ਪੰਜਾਬ ਦੇ 86 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਬਿਜਲੀ ਖਪਤਕਾਰਾਂ ਦੇ ਜ਼ੀਰੋ ਬਿੱਲ ਆਉਣ ਨਾਲ 300 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਈ ਹੈ, ਜਿਸ ਦੀ ਚੁਫ਼ੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਸੂਬੇ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਹਰੇਕ ਵਰਗ ਲਈ 600 ਯੂਨਿਟ ਬਿਜਲੀ ਮੁਫ਼ਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਤੋਂ ਪੰਜਾਬ ਵਾਸੀ ਡਾਹਢੇ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ 86 ਫੀਸਦੀ ਤੋਂ ਵਧੇਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਾ ਲਾਭ ਮਿਲਿਆ ਹੈ, ਜਦੋਂਕਿ ਇਕੱਲੇ ਪਟਿਆਲਾ ਸਰਕਲ ਦੇ ਖਪਤਕਾਰਾਂ ਨੂੰ ਹੀ ਜੁਲਾਈ 2022 ਤੋਂ ਅਪ੍ਰੈਲ 2023 ਤੱਕ 311.54 ਕਰੋੜ ਰੁਪਏ ਦੀ ਬੱਚਤ ਹੋਈ ਹੈ।
ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੂਬਾ ਨਿਵਾਸੀਆਂ ਲਈ ਕੀਤੇ ਵਾਅਦੇ ਪਹਿਲੇ ਦਿਨ ਤੋਂ ਹੀ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਸਨ।
ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਨਿਗਮ ਦੇ ਸਰਕਲ ਪਟਿਆਲਾ ਅਤੇ ਸੰਗਰੂਰ ਸਰਕਲ ਦੇ ਪਾਤੜਾਂ ਉਪ ਮੰਡਲ ਵਿੱਚ ਘਰੇਲੂ ਸਪਲਾਈ ਦੇ ਲਗਪਗ 5 ਲੱਖ 64 ਹਜਾਰ 707 ਖਪਤਕਾਰ ਹਨ, ਇਨ੍ਹਾਂ ਵਿੱਚੋਂ ਕੁੱਲ 91.23 ਫੀਸਦੀ ਘਰਾਂ ਦੇ ਮਾਰਚ-ਅਪ੍ਰੈਲ ਦੇ ਬਿਜਲੀ ਬਿੱਲ ਜ਼ੀਰੋ ਆਏ ਅਤੇ ਪੰਜਾਬ ਸਰਕਾਰ ਦੀ ਬਿਜਲੀ ਮੁਆਫੀ ਸਕੀਮ ਤਹਿਤ ਇਨ੍ਹਾਂ ਦੋਵਾਂ ਮਹੀਨਿਆਂ ਵਿੱਚ ਹੀ 55.69 ਕਰੋੜ ਰੁਪਏ ਦੀ ਬੱਚਤ ਹੋਈ ਹੈ।
ਜਦੋਂਕਿ ਜੁਲਾਈ 2022 ਵਿੱਚ ਕੇਵਲ 7.61 ਫੀਸਦੀ ਘਰੇਲੂ ਖਪਤਕਾਰਾਂ ਨੇ ਇਸ ਸਕੀਮ ਦਾ ਲਾਭ ਲਿਆ ਸੀ ਤੇ ਉਨ੍ਹਾਂ ਦੀ 6 ਕਰੋੜ ਰੁਪਏ ਦੀ ਬਚਤ ਹੋਈ ਸੀ ਅਤੇ ਇਸ ਤੋਂ ਬਾਅਦ ਅਪ੍ਰੈਲ 2023 ਤੱਕ ਵੱਡੀ ਗਿਣਤੀ ਖਪਤਕਾਰਾਂ ਨੂੰ ਲਗਾਤਾਰ ਪੰਜਵੀਂ ਵਾਰ ਜੀਰੋ ਬਿੱਲ ਦਾ ਲਾਭ ਮਿਲਿਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਜੁਲਾਈ 2022 ਤੋਂ ਲੈਕੇ ਅਪ੍ਰੈਲ 2023 ਤੱਕ ਜੀਰੋ ਬਿਲ ਸਹੂਲਤ ਨਾਲ ਜ਼ਿਲ੍ਹੇ ਦੇ ਲਾਭਪਾਤਰੀ ਖਪਤਕਾਰਾਂ ਨੂੰ 311.54 ਕਰੋੜ ਰੁਪਏ ਦਾ ਲਾਭ ਹੋਇਆ ਹੈ। ਇਸ ਸਾਲ ਮਾਰਚ-ਅਪ੍ਰੈਲ ਦੌਰਾਨ ਜ਼ਿਲ੍ਹੇ ਦੇ 4 ਲੱਖ 69 ਹਜ਼ਾਰ 977 ਘਰੇਲੂ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ।
ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਸੱਚਮੁਚ ਪਹਿਲੀ ਵਾਰ ਲੋਕਹਿਤ ਸਰਕਾਰ ਬਣੀ ਹੈ, ਜੋ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ।