ਰਵਾਇਤੀ ਖੇਤੀ ਦੀ ਥਾਂ ਫ਼ਲ, ਸਬਜ਼ੀਆਂ, ਗੰਨੇ ਦੀ ਕਾਸ਼ਤ, ਫੂਡ ਪ੍ਰੋਸੈਸਿੰਗ ਤੇ ਝੋਨੇ ਦੀ ਸਿੱਧੀ ਬਿਜਾਈ ਅਪਨਾਉਣ ਕਿਸਾਨ : ਜੌੜਾਮਾਜਰਾ
Suman (TMT)
ਸਮਾਣਾ, 27 ਮਈ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਦੀ ਥਾਂ ਫ਼ਲ, ਸਬਜ਼ੀਆਂ, ਗੰਨੇ ਦੀ ਕਾਸ਼ਤ ਫੂਡ ਪ੍ਰੋਸੈਸਿੰਗ ਤੇ ਝੋਨੇ ਦੀ ਸਿੱਧੀ ਬਿਜਾਈ ਅਪਨਾਉਣ ਦਾ ਸੱਦਾ ਦਿੱਤਾ ਹੈ। ਬਾਗਬਾਨੀ ਮੰਤਰੀ ਜੌੜਾਮਾਜਰਾ, ਅੱਜ ਸਮਾਣਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਸਾਉਣੀ ਦੀਆਂ ਫ਼ਸਲਾਂ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਸੂਬੇ ਦੀ ਪਹਿਲੀ ਅਜਿਹੀ ਸਰਕਾਰ ਹੈ ਜਿਹੜੀ ਕਿਸਾਨਾਂ, ਮਜਦੂਰਾਂ ਤੇ ਵਪਾਰੀ ਵਰਗ ਨੂੰ ਨਾਲ ਲੈਕੇ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਤੇ ਉਨ੍ਹਾਂ ਦੇ ਖੇਤੀ ਖਰਚੇ ਘਟਾਉਣ ਲਈ ਕੰਮ ਕਰ ਰਹੀ ਹੈ ਜਿਸ ਲਈ ਕਿਸਾਨਾਂ ਦੇ ਖੇਤਾਂ ‘ਚ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਸਰਕਾਰੀ ਵਿਭਾਗ ਹੇਠਲੇ ਪੱਧਰ ‘ਤੇ ਪਹੁੰਚਕੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਤੇ ਅਜਿਹੇ ਕਿਸਾਨ ਕੈਂਪ ਵੀ ਲਗਾਤਾਰ ਲਗਾਏ ਜਾ ਰਹੇ ਹਨ, ਜਿੱਥੇ ਕਿਸਾਨਾਂ ਨੂੰ ਝੋਨੇ ਦੇ ਸੀਜਨ ਬਾਰੇ, ਚੰਗੇ ਬੀਜ ਤੇ ਧਰਤੀ ਹੇਠਲਾ ਪਾਣੀ ਬਚਾਉਣ ਸਮੇਤ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੈ।
ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਦੱਸਿਆ ਕਿ ਇਸ ਕੈੰਪ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਅਜਿਹੇ ਕੈੰਪ ਨੂੰ ਯੂ ਟਿਊਬ ਉਤੇ ਲਾਈਵ ਕੀਤਾ ਗਿਆ ਹੋਵੇ, ਜਿਸ ਨੂੰ ਹਜਾਰਾਂ ਦੀ ਗਿਣਤੀ ਕਿਸਾਨਾਂ ਨੇ ਸੁਣਿਆ ਤੇ ਦੇਖਿਆ।
ਇਸ ਮੌਕੇ ਵਿਧਾਇਕ ਸੁਤਰਾਣਾ ਸ. ਕੁਵਲੰਤ ਸਿੰਘ ਅਤੇ ਐਸਡੀਐਮ ਸਮਾਣਾ ਚਰਨਜੀਤ ਸਿੰਘ ਸਮੇਤ ਓ ਐਸ ਡੀ ਐਡਵੋਕੇਟ ਗੁਲਜਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਮਦਨ ਮਿੱਤਲ ਚੇਅਰਮੈਨ ਅਗਰਵਾਲ ਧਰਮਸ਼ਾਲਾ, ਸਰਕਲ ਇੰਚਾਰਜ ਸੁਰਜੀਤ ਸਿੰਘ ਫ਼ੌਜੀ ਆਦਿ ਸਮੇਤ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਕੈਂਪ ਵਿੱਚ ਹਾਜ਼ਰ ਸਨ।
ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਪੀਪੀਟੀ ਰਾਹੀਂ ਲੈਕਚਰ ਦਿੱਤਾ।ਬਲਾਕ ਖੇਤੀਬਾੜੀ ਅਫਸਰ ਸਮਾਣਾ ਡਾ. ਸਤੀਸ਼ ਕੁਮਾਰ ਨੇ ਪੂਰੇ ਕੈਂਪ ਦਾ ਪ੍ਰਬੰਧ ਕੀਤਾ ਅਤੇ ਵਿਭਾਗ ਅਤੇ ਕਿਸਾਨਾਂ ਲਈ ਕੈਂਪ ਦਾ ਸਿੱਧਾ ਪ੍ਰਸਾਰਣ ਕੀਤਾ।
ਕੇ.ਵੀ.ਕੇ ਦੇ ਵਿਗਿਆਨੀ ਡਾ. ਗੁਰਦੀਪ ਕੌਰ ਅਤੇ ਡਾ. ਪਰਮਿੰਦਰ ਸਿੰਘ ਦੀ ਟੀਮ ਨੇ ਵੀ ਆਪਣੇ ਖੇਤਰ ਬਾਰੇ ਤਕਨੀਕੀ ਲੈਕਚਰ ਦਿੱਤਾ। ਖੇਤੀਬਾੜੀ ਵਿਭਾਗ ਵੱਲੋਂ ਡਾ. ਗੁਰਵੀਨ ਗਰਚਾ (ਸਟੇਜ ਸਕੱਤਰ), ਡਾ. ਗੌਰਵ ਅਰੋੜਾ ਏ.ਡੀ.ਓ. ਗੰਨਾ ਵਿਕਾਸ, ਡਾ. ਅਮਨਦੀਪ ਕੌਰ ਏ.ਡੀ.ਓ. ਸੋਇਲ, ਡਾ. ਅਮਨ ਸੰਧੂ ਏ.ਡੀ.ਓ. ਇਨਫੋਰਸਮੈਂਟ ਅਤੇ ਡਾ. ਗੁਰਮੇਲ ਸਿੰਘ ਏ.ਡੀ.ਓ. ਨੇ ਵੀ ਸਾਉਣੀ ਦੀਆਂ ਫ਼ਸਲਾਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ। ਵੱਖ-ਵੱਖ ਵਿਭਾਗਾਂ ਅਤੇ ਸਵੈ ਸਹਾਇਤਾ ਗਰੁੱਪਾਂ ਨੇ ਕਿਸਾਨਾਂ ਲਈ ਆਪਣੇ ਸਟਾਲਾਂ ਦੀ ਪ੍ਰਦਰਸ਼ਨੀ ਲਗਾਈ।