ਸਮੱਗਲ ਕੀਤੀ ਜਾ ਰਹੀ 300 ਪੇਟੀਆਂ ਆਈ.ਐਮ.ਐਫ.ਐਲ ਸ਼ਰਾਬ ਆਬਕਾਰੀ ਵਿਭਾਗ ਫਤਿਹਗੜ੍ਹ ਸਾਹਿਬ ਤੇ ਆਬਕਾਰੀ ਪੁਲਿਸ ਵੱਲੋਂ ਜ਼ਬਤ
ਚੰਡੀਗੜ੍ਹ, 03 ਦਸੰਬਰ
ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਇਕ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਫਤਿਹਗੜ੍ਹ ਸਾਹਿਬ ਅਤੇ ਆਬਕਾਰੀ ਪੁਲਿਸ ਨੇ 7 ਲੱਖ ਰੁਪਏ ਦੀ ਅੰਦਾਜ਼ਨ ਕੀਮਤ ਵਾਲੀਆਂ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ (ਆਈ.ਐਮ.ਐਫ.ਐਲ) ਦੀਆਂ 300 ਪੇਟੀਆਂ ਜ਼ਬਤ ਕੀਤੀਆਂ, ਜੋ ਤਸਕਰੀ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਲਿਆਂਦੀਆਂ ਗਈਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਪੁਲਿਸ ਵੱਲੋਂ ਇੱਕ ਸੂਚਨਾ ‘ਤੇ ਕਾਰਵਾਈ ਕਰਦਿਆਂ ਸੋਮਵਾਰ ਦੇਰ ਸ਼ਾਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਮਾਧੋਪੁਰ ਨੇੜੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਕੈਂਟਰ ਨੰਬਰ ਪੀ.ਬੀ.03 ਬੀ.ਐਚ.1683 ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਗੱਡੀ ਵਿੱਚੋਂ ਆਈ.ਐੱਮ.ਐੱਫ.ਐੱਲ. ਦੀਆਂ 300 ਪੇਟੀਆਂ ਜਿਨ੍ਹਾਂ ‘ਤੇ ‘ਸਿਰਫ ਚੰਡੀਗੜ੍ਹ ‘ਚ ਵਿਕਰੀ ਲਈ’ ਲਿਖਿਆ ਹੋਇਆ ਸੀ, ਬਰਾਮਦ ਕੀਤੀਆਂ ਗਈਆਂ।
ਇੰਨ੍ਹਾਂ ਪੇਟੀਆਂ ਵਿੱਚੋਂ ਤਿੰਨ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ, ‘999’ ਬ੍ਰਾਂਡ ਦੀ ਬੋਤਲ ਐਮਪਾਇਰ ਅਲਕੋਬਰੇਵ, ਪਲਾਟ ਨੰ. 58 ਇੰਡਸਟਰੀਅਲ ਏਰੀਆ ਚੰਡੀਗੜ੍ਹ ਅਤੇ ‘ਨੈਨਾ’ ਬ੍ਰਾਂਡ ਦੀਆਂ ਬੋਤਲਾਂ ਰੌਕ ਐਂਡ ਸਟੌਰਮ ਬੋਟਲਿੰਗ ਪਲਾਂਟ, ਪਲਾਟ ਨੰ. 214, ਇੰਡਸਟਰੀਅਲ ਏਰੀਆ ਚੰਡੀਗੜ੍ਹ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਵਿਭਾਗ ਨੂੰ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਰੁੱਧ ਬਰਦਾਸ਼ਤ ਨਾ ਕਰਨ ਦੀ ਨੀਤੀ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
————–