ਪੰਜਾਬ ਦਾ ਨਵਾਂ ਭਵਿੱਖ ਸਿਰਜਣ ਵਾਲੇ ਬਣਨਗੇ ਰਾਜ ਦੇ ਸਰਕਾਰੀ ਸਕੂਲ-ਹਰਜੋਤ ਸਿੰਘ ਬੈਂਸ
Ajay Verma (The Mirror Time)
ਪਟਿਆਲਾ, 3 ਸਤੰਬਰ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ‘ਇੰਸਪਾਇਰ ਮੀਟ’ ਦੇ ਨਾਮ ਹੇਠ ਕਰਵਾਈਆਂ ਮੈਗਾ ਅਧਿਆਪਕ-ਮਾਪੇ ਮਿਲਣੀਆਂ ਦਾ ਪਟਿਆਲਾ ਦੇ ਸਰਕਾਰੀ ਸਕੂਲਾਂ ਵਿਖੇ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਕਿਹਾ ਕਿ ਅੱਜ ਦੀਆਂ ਮੀਟਿੰਗਾਂ ਬਹੁਤ ਸਫ਼ਲ ਰਹੀਆਂ ਹਨ ਅਤੇ ਅਜਿਹੀਆਂ ਮੀਟਿੰਗਾਂ ਭਵਿੱਖ ‘ਚ ਵੀ ਹੋਣਗੀਆਂ ਤੇ ਇਨ੍ਹਾਂ ਦੀ ਸਮੀਖਿਆ ਕਰਕੇ ਹੋਰ ਵੀ ਸੁਧਾਰ ਕੀਤੇ ਜਾਣਗੇ।
ਸਿੱਖਿਆ ਮੰਤਰੀ ਨੇ ਇੱਥੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਕੋ-ਐਡ ਸਕੂਲ ਪਾਸੀ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਇੰਸਪਾਇਰ ਮੀਟ ਦੌਰਾਨ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਮਿਲਕੇ ਸਿੱਖਿਆ ਰਾਹੀਂ ਪੰਜਾਬ ਦਾ ਭਵਿੱਖ ਸੰਵਾਰਨ ਲਈ ਸੁਝਾਅ ਹਾਸਲ ਕੀਤੇ। ਉਨ੍ਹਾਂ ਨੇ ਕਿਹਾ ਕਿ ਰਾਜ ਦੇ 19 ਹਜ਼ਾਰ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵਿਆ ਗਿਆ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੇ ਸਰਕਾਰੀ ਸਕੂਲਾਂ ਵਿੱਚ ਮੇਲਿਆਂ ਵਰਗਾ ਮਾਹੌਲ ਸੀ, ਜਿਸ ਦੀ ਮਾਪਿਆਂ ਨੇ ਭਰਵੀਂ ਸ਼ਲਾਘਾ ਕੀਤੀ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ, ਜਿਸ ਲਈ ਸਿਹਤ ਪੱਖੋਂ ਤਾਂ ਸਰਕਾਰ ਨੇ ਸੂਬੇ ‘ਚ 100 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ
ਇਤਿਹਾਸਕ ਸੁਧਾਰ ਲਿਆਂਦਾ ਹੈ। ਜਦੋਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣ ਦੀ ਸ਼ੁਰੂਆਤ ਵਜੋਂ ਭਗਵੰਤ ਮਾਨ ਸਰਕਾਰ ਅਗਲੇ ਅਪ੍ਰੈਲ ‘ਚ ਰਾਜ ਅੰਦਰ ਆਪਣੇ ਸੁਪਨਮਈ 100 ਐਮੀਨੈਂਸ ਸਕੂਲਾਂ ਨੂੰ ਹਕੀਕੀ ਰੂਪ ਦੇਵੇਗੀ, ਜਿਨ੍ਹਾਂ ਦਾ ਇਲਾਕੇ ਦਾ ਕੋਈ ਨਿਜੀ ਸਕੂਲ ਵੀ ਮੁਕਾਬਲਾ ਨਹੀਂ ਕਰ ਸਕੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦਾ ਨਵਾਂ ਭਵਿੱਖ ਸਿੱਖਿਆ ਉਤੇ ਨਿਰਭਰ ਹੈ, ਜਿਸ ਲਈ ਭਗਵੰਤ ਮਾਨ ਸਰਕਾਰ, ਹਮੇਸ਼ਾ ਨਜ਼ਰ ਅੰਦਾਜ ਕੀਤੇ ਗਏ ਸਿੱਖਿਆ ਵਿਭਾਗ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਸਿੱਖਿਆ ਉਪਰ ਹੀ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ। ਇਸ ਲਈ ਹੁਣ ਰਾਜ ਦੇ ਸਵਾ ਲੱਖ ਦੇ ਕਰੀਬ ਅਧਿਆਪਕਾਂ ਵਿੱਚ ਵੀ ਆਤਮ ਵਿਸ਼ਵਾਸ਼ ਵਧਿਆ ਹੈ, ਕਿਉਂਕਿ ਉਨ੍ਹਾਂ ਨੂੰ ਜਾਪਣ ਲੱਗ ਪਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਿੱਖਿਆ ਵਿਭਾਗ ਨੂੰ ਧਰਨਿਆਂ ਵਾਲੇ ਮਹਿਕਮੇ ਦੀ ਥਾਂ ਪੰਜਾਬ ਦਾ ਭਵਿੱਖ ਬਣਾਉਣ ਵਾਲਾ ਮਹਿਕਮਾ ਬਣਾ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ‘ਚ ਛਾਪੇਮਾਰੀ ਕਰਨ ਦੀ ਥਾਂ ਉਨ੍ਹਾਂ ਨੇ ਸਾਰੇ ਸਕੂਲਾਂ ਦਾ ਦੌਰਾ ਸ਼ੁਰੂ ਕੀਤਾ ਹੈ, ਜਿਸ ਲਈ ਬੱਚੇ ਅਤੇ ਅਧਿਆਪਕ ਉਨ੍ਹਾਂ ਨੂੰ ਆਪਣੇ ਸਕੂਲਾਂ ਵਿੱਚ ਖ਼ੁਦ ਬੁਲਾ ਰਹੇ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਪ੍ਰਤਿਭਾ ਅਤੇ ਹੁਨਰ ਬਹੁਤ ਜ਼ਿਆਦਾ ਹੈ, ਜਿਸ ਨੂੰ ਤਰਾਸ਼ਣ ਅਤੇ ਸਹੀ ਰਸਤਾ ਦਿਖਾਉਣ ਲਈ ਸਰਕਾਰੀ ਸਕੂਲ ਅਹਿਮ ਭੂਮਿਕਾ
ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ‘ਚ ਅਜਿਹੇ ਸੁਧਾਰ ਕਰ ਰਹੇ ਹਨ ਕਿ ਅਗਲੇ ਸਾਲ ਤੋਂ ਮਾਪੇ ਆਪਣੇ ਬੱਚਿਆਂ ਦੇ ਦਾਖਲਿਆਂ ਲਈ ਨਿਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣਗੇ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਸਕੂਲਾਂ ਤੇ ਅਧਿਆਪਕਾਂ ਨਾਲ ਜੁੜੇ ਹਰ ਇੱਕ ਮਸਲੇ ਦਾ ਹੱਲ ਕਰਨ ਲਈ ਯਤਨਸ਼ੀਲ ਹਨ।
ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਦਿਵਸ ਦੀ ਅਗੇਤੀ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, 5 ਸਤੰਬਰ ਨੂੰ ਰਾਜ ਦੇ ਅਧਿਆਪਕਾਂ ਨੂੰ ਇੱਕ ਖਾਸ ਖੁਸ਼ਖ਼ਬਰੀ ਦੇਣਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜ. ਅਮਰਜੀਤ ਸਿੰਘ, ਸਾਬਕਾ ਪ੍ਰਿੰਸੀਪਲ ਤੋਤਾ ਸਿੰਘ, ਮਲਟੀ ਸਕੂਲ ਦੇ ਇੰਚਾਰਜ ਸੁਖਜਿੰਦਰ ਕੌਰ, ਪ੍ਰਿੰਸੀਪਲ ਬਲਬੀਰ ਸਿੰਘ ਜੌੜਾ ਸਮੇਤ ਵੱਡੀ ਗਿਣਤੀ ਅਧਿਆਪਕ ਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ।