ਖੇਤੀਬਾੜੀ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
ਪਟਿਆਲਾ, 16 ਮਈ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਅਪਣਾਉਣ ਲਈ ਅਪੀਲ ਕੀਤੀ। ਇਸ ਮੌਕੇ ਐਮ.ਐਲ.ਏ. ਘਨੌਰ ਗੁਰਲਾਲ ਸਿੰਘ ਨੇ ਘਨੌਰ ਹਲਕੇ ਵਿਚ ਗੰਨਾ ਮਿੱਲ ਸਥਾਪਿਤ ਕਰਨ ਦੀ ਮੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੀ ਅਗਵਾਈ ਹੇਠ ਕਰਨਲ ਭੁਪਿੰਦਰਪਾਲ ਸਿੰਘ, ਧੀਰਜ ਸਿੰਘ, ਮੇਵਾ ਸਿੰਘ, ਦੇਵਰਾਜ, ਮਨਿੰਦਰ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਨਾਜ਼ਰ ਸਿੰਘ, ਜੈ ਸਿੰਘ, ਗੁਰਬਾਜ਼ ਸਿੰਘ, ਸਤਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਅਤੇ ਕਲੱਬ ਹੈਂਗਆਊਟ ਆਦਿ 15 ਅਗਾਂਹਵਧੂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ, ਫ਼ਸਲੀ ਵਿਭਿੰਨਤਾ ਅਤੇ ਪਾਣੀ ਦੀ ਬੱਚਤ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਈਸ਼ਾ ਸਿੰਗਲ ਵੱਲੋਂ ਸਵੈ ਸਹਾਇਤਾ ਗਰੁੱਪਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਕੇਨ ਕਮਿਸ਼ਨਰ ਡਾ. ਰਾਜੇਸ਼ ਰਾਹੇਜਾ ਵੱਲੋਂ ਕਿਸਾਨਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਕਿਸਾਨਾਂ ਨੂੰ ਸਰਕਾਰ ਵੱਲੋਂ ਤਹਿ ਮਿਤੀ ਅਨੁਸਾਰ ਹੀ ਝੋਨੇ ਦੀਆਂ ਕਿਸਮਾਂ ਬੀਜਣ ਲਈ, ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ, ਮਿੱਟੀ ਅਤੇ ਪਾਣੀ ਪਰਖ ਕਰਵਾਉਣ ਲਈ ਅਤੇ ਮੱਕੀ ਹੇਠ ਸਿਫ਼ਾਰਿਸ਼ ਸ਼ੁੱਧ ਕਿਸਮਾਂ ਬੀਜਣ ਲਈ ਅਪੀਲ ਕੀਤੀ। ਇਸ ਕੈਂਪ ਵਿਚ ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਇੰਦਰ ਸਿੰਘ ਢਿੱਲੋਂ, ਡਾ. ਸਤੀਸ਼ ਕੁਮਾਰ, ਡਾ. ਗੁਰਦੇਵ ਸਿੰਘ ਅਤੇ ਡਾ. ਅਵਨਿੰਦਰ ਸਿੰਘ ਮਾਨ ਦੇ ਯਤਨਾਂ ਸਦਕਾ ਵੱਖ-ਵੱਖ ਬਲਾਕਾਂ ਦੇ ਲਗਭਗ 1000 ਕਿਸਾਨਾਂ ਦੀ ਐਕਸਪੋਜਰ ਵਿਜ਼ਟ ਕਰਵਾਈ ਗਈ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਅਤੇ ਫਾਰਮਰ ਸਲਾਹਕਾਰ ਕੇਂਦਰ ਪਟਿਆਲਾ ਦੇ ਸਾਇੰਸਦਾਨਾਂ ਡਾ. ਗੁਰਉਪਦੇਸ਼ ਕੌਰ, ਡਾ. ਹਰਦੀਪ ਸਵੀਕੀ, ਡਾ. ਗੁਰਪ੍ਰੀਤ ਸਿੰਘ, ਡਾ. ਰਚਨਾ ਸਿੰਗਲਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਅਵਨਿੰਦਰ ਸਿੰਘ ਮਾਨ, ਡਾ. ਗੁਰਵੀਨ ਗਰਚਾ, ਡਾ. ਨੀਤੂ ਰਾਣੀ ਨੇ ਕਿਸਾਨਾਂ ਨਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਖੇਤੀਬਾੜੀ ਇੰਜੀਨੀਅਰ, ਭੌ ਪਰਖ ਸ਼ਾਖਾ, ਅੰਕੜਾ ਵਿੰਗ, ਹਾਇਡ੍ਰੋਲੋਜੀ ਵਿੰਗ, ਬਾਗਬਾਨੀ ਵਿਭਾਗ, ਭੂਮੀ ਰੱਖਿਆ ਵਿਭਾਗ, ਮਾਰਕਫੈੱਡ, ਪਨਸੀਡ, ਪਸ਼ੂ ਪਾਲਣ, ਈਫਕੋ, 6 ਸੈੱਲਫ਼ ਹੈਲਪ ਗਰੁੱਪ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਵੱਲੋਂ ਆਪਣੇ ਵਿਭਾਗ ਨਾਲ ਸਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਲਿਟਰੇਚਰ ਕਿਸਾਨਾਂ ਨੂੰ ਉਪਲਬਧ ਕਰਵਾਇਆ ਗਿਆ।