Punjab-Chandigarh

ਮੁੱਖ ਮੰਤਰੀ ਦੀ ਐਂਟੀ-ਗੈਂਗਸਟਰ ਮੁਹਿੰਮ ਨੇ ਫੜੀ ਤੇਜ਼ੀ, ਪੁਲਿਸ ਨੇ ਫਤਹਿਗੜ ਸਾਹਿਬ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਖੂੰਖਾਰ ਵਿਅਕਤੀ ਕੀਤੇ ਗਿ੍ਰਫਤਾਰ

ਚੰਡੀਗੜ/ਫਤਹਿਗੜ ਸਾਹਿਬ, 1 ਅਗਸਤ:

ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਦਿਆਂ  ਜਿਲਾ ਫਤਹਿਗੜ ਸਾਹਿਬ ਦੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 5 ਖਤਰਨਾਕ ਗੈਂਗਸਟਰਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਉਕਤ ਗੈਂਗਸਟਰਾਂ ਤੋਂ 8 ਨਾਜਾਇਜ਼ ਹਥਿਆਰਾਂ ਸਣੇ 30 ਕਾਰਤੂਸਾਂ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਐਸ.ਐਸ.ਪੀ. ਸ੍ਰੀਮਤੀ ਰਵਜੋਤ ਕੌਰ ਦੇ ਨਾਲ ਦੱਸਿਆ ਕਿ ਸਰਹਿੰਦ ਅਤੇ ਖਮਾਣੋਂ ਪੁਲਿਸ  ਦੀਆਂ ਸਾਂਝੀਆਂ ਟੀਮਾਂ ਨੇ ਇੱਕ ਇਤਲਾਹ ’ਤੇ ਕਾਰਵਾਈ ਕਰਦਿਆਂ ਸੂਬੇ ਵਿੱਚ ਸਰਗਰਮ ਇਸ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਉਨਾਂ ਦੱਸਿਆ ਕਿ ਗਰੋਹ ਦੇ ਸਰਗਨਾ ਦੀ ਪਛਾਣ ਸੰਦੀਪ ਸੰਧੂ ਪੁੱਤਰ ਸਤਵੰਤ ਸਿੰਘ ਵਾਸੀ ਸਬੇਲਪੁਰ, ਥਾਣਾ ਘੱਗਾ, ਪਟਿਆਲਾ ਵਜੋਂ ਹੋਈ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ  ਗੈਂਗਸਟਰ ਖਿਲਾਫ ਪਹਿਲਾਂ ਹੀ ਆਈਪੀਸੀ ਦੀ ਧਾਰਾ 302, 307, 392, 397, 120ਬੀ, 341, 323, 427, 502, 25 ਅਸਲਾ ਐਕਟ ਅਤੇ 61/1/14 ਆਬਕਾਰੀ ਐਕਟ ਤਹਿਤ ਚਾਰ ਐਫ.ਆਈ.ਆਰ. ਪਟਿਆਲਾ ਅਤੇ ਫਤਹਿਗੜ ਸਾਹਿਬ ਜਿਲਿਆਂ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ। 

ਪੁਲਿਸ ਡਿਪਟੀ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਸੰਦੀਪ ਸੰਧੂ ਮੌਜੂਦਾ ਸਮੇਂ ਪਟਿਆਲਾ ਜੇਲ ਵਿੱਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੂਟਾ ਸਿੰਘ ਵਾਲਾ, ਪੀਐਸ ਘੱਗਾ, ਪਟਿਆਲਾ ਦਾ ਸਾਥੀ ਹੈ ਅਤੇ ਇਹ ਦੋਵੇਂ ਲਾਰੈਂਸ ਬਿਸਨੋਈ ਗੈਂਗ ਦੇ ਸਰਗਰਮ ਮੈਂਬਰ ਹਨ। ਉਨਾਂ ਕਿਹਾ ਕਿ ਗੁਰੀ ‘ਤੇ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਨਾਲ ਇੱਕ ਕਤਲ ਦਾ ਵੀ ਦੋਸ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਸੰਦੀਪ ਸੰਧੂ ਉੱਤਰ ਪ੍ਰਦੇਸ (ਯੂ.ਪੀ.) ਸਥਿਤ ਹਥਿਆਰ ਸਪਲਾਇਰ ਤੋਂ ਹਥਿਆਰ ਖਰੀਦਦਾ ਸੀ, ਜਿਸ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਸ ਦੌਰਾਨ ਐਸ.ਐਸ.ਪੀ ਸ੍ਰੀਮਤੀ ਰਵਜੋਤ ਕੌਰ ਨੇ ਦੱਸਿਆ ਕਿ ਸੰਦੀਪ ਸੰਧੂ, ਜੋ ਕਿ ਇੱਕ ਕੱਟੜ ਅਪਰਾਧੀ ਹੈ ਅਤੇ ਜੋ ਇਰਾਦਾ ਕਤਲ ਅਤੇ ਕਤਲ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ,ਨੂੰ ਹਰਪ੍ਰੀਤ ਸਿੰਘ, ਸੰਦੀਪ ਸਿੰਘ (ਫਲੋਲੀ), ਚਰਨਜੀਤ ਸਿੰਘ ਅਤੇ ਗੁਰਮੁਖ ਸਿੰਘ ਸਮੇਤ ਗਿ੍ਰਫਤਾਰ ਕੀਤਾ ਹੈ। ਉਨਾਂ ਦੱਸਿਆ ਕਿ ਇਨਾਂ ਗੈਂਗਸਟਰਾਂ ਕੋਲੋਂ  ਕੁੱਲ 8 ਨਾਜਾਇਜ਼ ਹਥਿਆਰ , ਜਿਨਾਂ ਵਿੱਚ ਪੰਜ .32 ਬੋਰ ਦੇ ਦੇਸੀ ਪਿਸਤੌਲ (ਕੱਟੇ) ਅਤੇ ਤਿੰਨ .315 ਬੋਰ ਦੇ ਦੇਸੀ ਪਿਸਤੌਲ (ਕੱਟੇ) ਸ਼ਾਮਲ ਹਨ, ਸਮੇਤ 30 ਜਿੰਦਾ ਕਾਰਤੂਸ  ਬਰਾਮਦ ਕੀਤੇ ਗਏ ਹਨ। ਸ੍ਰੀਮਤੀ ਰਵਜੋਤ ਕੌਰ ਨੇ ਦੱਸਿਆ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵੱਲੋਂ ਇਸ ਗਿਰੋਹ ਨੂੰ ਹਥਿਆਰ ਹਥਿਆਰ ਮੁਹੱਈਆ ਕਰਵਾਏ ਜਾਂਦੇ ਸਨ, ਪੁਲਿਸ ਵੱਲੋਂ ਉਕਤ ਗਿਰੋਹ ਨਾਲ ਜੁੜੀ ਹਰ ਕੜੀ ਦੀ ਪੜਤਾਲ ਕੀਤੀ ਜਾ ਰਹੀ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਹੋਰ ਗੰਭੀਰ ਅਪਰਾਧਾਂ ਦੇ ਨਾਲ-ਨਾਲ ਇਹ ਗੈਂਗਸਟਰ ਲੋਕਾਂ ਤੋਂ ਫਿਰੌਤੀ ਦੀ ਮੰਗ ਵੀ ਕਰਦੇ ਸਨ।  ਉਨਾਂ ਕਿਹਾ ਕਿ ਇਹ ਗੈਂਗਸਟਰ ਸੂਬੇ ਵਿੱਚ ਕੋਈ ਵੱਡੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸ੍ਰੀਮਤੀ ਰਵਜੋਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Spread the love

Leave a Reply

Your email address will not be published. Required fields are marked *

Back to top button