Punjab-ChandigarhTop NewsUncategorized

ਕਾਂਗਰਸ ਸਾਂਸਦ ਅਹੁਦੇ ਤੋਂ ਅਸਤੀਫਾ ਦਿੱਤੇ ਬਿਨ੍ਹਾਂ ਭਾਜਪਾ ਲਈ ਵੋਟਾਂ ਮੰਗ ਰਹੀ ਪ੍ਰਨੀਤ ਕੌਰ

ਪਟਿਆਲਾ। ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ਦਾ ਕੋਈ ਕਿਰਦਾਰ ਨਹੀਂ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਇਨ੍ਹਾਂ ਦਲਬਦਲੂਆਂ ਨੂੰ ਇਨ੍ਹਾਂ ਦੀਆਂ ਪਾਰਟੀਆਂ ਦੇ ਵਰਕਰ ਹੀ ਸਬਕ ਸਿਖਾਉਣ ਲਈ ਮੀਟਿੰਗਾਂ ਕਰ ਰਹੇ ਹਨ।

ਐਨ.ਕੇ. ਸ਼ਰਮਾ ਆਪਣੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਅੱਜ ਸੁਤਰਾਣਾ, ਸਮਾਣਾ ਅਤੇ ਨਾਭਾ ਵਿੱਚ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਚਾਰ ਵਾਰ ਕਾਂਗਰਸ ਦੀ ਸਾਂਸਦ ਰਹੀ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ, ਪਰ ਜਦੋਂ ਕਾਂਗਰਸ ਦੀ ਹਾਲਤ ਖ਼ਰਾਬ ਹੋ ਗਈ ਤਾਂ ਦੋਵੇਂ ਪਤੀ-ਪਤਨੀ ਭਾਜਪਾ ਵਿੱਚ ਸ਼ਾਮਲ ਹੋ ਗਏ। ਪ੍ਰਨੀਤ ਕੌਰ ਅਜੇ ਵੀ ਕਾਂਗਰਸ ਦੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਬਿਨਾਂ ਚੋਣ ਲੜ ਰਹੀ ਹਨ। ਜੇਕਰ ਅੱਜ ਕਾਂਗਰਸ ਪਾਰਟੀ ਵ੍ਹੀਪ ਜਾਰੀ ਕਰੇ ਤਾਂ ਪ੍ਰਨੀਤ ਕੌਰ ਨੂੰ ਕਾਂਗਰਸ ਨਾਲ ਖੜ੍ਹਨਾ ਪਵੇਗਾ।

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਹੁੰਦਿਆਂ ਪ੍ਰਨੀਤ ਕੌਰ ਨੇ ਕਦੇ ਵੀ ਪਟਿਆਲਾ ਲੋਕ ਸਭਾ ਹਲਕੇ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਬੰਧ ਨਹੀਂ ਕੀਤਾ। ਸ਼ਰਮਾ ਨੇ ਕਾਂਗਰਸੀ ਉਮੀਦਵਾਰ ਨੂੰ ਸੱਤਾ ਦਾ ਲਾਲਚੀ ਕਰਾਰ ਦਿੰਦਿਆਂ ਕਿਹਾ ਕਿ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਬਣੇ, ਉਥੇ ਦਾਲ ਨਹੀਂ ਗਲੀ ਤਾਂ ਆਜ਼ਾਦ ਤੌਰ ‘ਤੇ ਚੋਣ ਲੜੀ। ਜਨਤਾ ਨੇ ਜਦੋਂ ਨਕਾਰ ਦਿੱਤਾ ਤਾਂ ਕਾਂਗਰਸ ਦਾ ਪੱਲ੍ਹਾ ਫੜ੍ਹ ਲਿਆ।

‘ਆਪ’ ਉਮੀਦਵਾਰ ਬਲਬੀਰ ਸਿੰਘ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਪ੍ਰਚਾਰ ਦੀ ਸਰਕਾਰ ਤਿੰਨ ਸਾਲਾਂ ‘ਚ ਪੰਜਾਬ ਦੇ 13 ਹਲਕਿਆਂ ‘ਚ ਉਮੀਦਵਾਰ ਨਹੀਂ ਲੱਭ ਸਕੀ। 13 ਵਿੱਚੋਂ 9 ਵਿਧਾਇਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪੰਜਾਬ ਦੀਆਂ ਔਰਤਾਂ ਅਜੇ ਵੀ ਇੱਕ-ਇੱਕ ਹਜ਼ਾਰ ਮਹੀਨਾਵਾਰ ਭੱਤੇ ਦੀ ਉਡੀਕ ਕਰ ਰਹੀਆਂ ਹਨ। ‘ਆਪ’ ਸਰਕਾਰ ਕੰਮ ਕਰਨ ਦੀ ਬਜਾਏ ਸਿਰਫ ਪ੍ਰਚਾਰ ‘ਤੇ ਹੀ 750 ਕਰੋੜ ਰੁਪਏ ਖਰਚ ਕਰ ਚੁੱਕੀ ਹੈ।

ਐਨ. ਕੇ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 1992 ਵਿੱਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ਅਤੇ ਉਹ ਅੱਜ ਤੱਕ ਅਕਾਲੀ ਦਲ ਵਿੱਚ ਹੀ ਰਹੇ ਹਨ। ਉਨ੍ਹਾਂ ਨੇ ਕਦੇ ਦਲਬਦਲ ਨਹੀਂ ਕੀਤਾ। ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਹੀ ਸਮੁੱਚੇ ਸੂਬੇ ਦਾ ਬਰਾਬਰ ਵਿਕਾਸ ਕਰਵਾਇਆ ਹੈ। ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਕੰਮ ਅਤੇ ਕਿਰਦਾਰ ਨੂੰ ਦੇਖ ਕੇ ਹੀ ਵੋਟ ਪਾਉਣ। ਸ਼ਰਮਾ ਨੇ ਕਿਹਾ ਕਿ ਚੋਣ ਮੈਦਾਨ ’ਚ ਉਤਰੇ ਸਾਰੇ  ਉਮੀਦਵਾਰਾਂ ਨੂੰ ਇੱਥੋਂ ਦੀ ਜਨਤਾ ਦੇਖ ਚੁੱਕੀ ਹੈ। ਇੱਕ ਵਾਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਇੱਕ ਸੇਵਾਦਾਰ ਵਜੋਂ ਕੰਮ ਕਰਨਗੇ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਅਕਾਲੀ ਆਗੂ ਸੁਖਵਿੰਦਰ ਸਿੰਘ ਰਾਜਲਾ, ਅਮਰਜੀਤ ਟੋਡਰਪੁਰ, ਬਲਵਿੰਦਰ ਦਾਨੀਪੁਰ, ਬਲਦੇਵ ਰਾਜਲਾ, ਜਗਰੂਪ ਫਤਿਹਪੁਰ, ਨਛੱਤਰ ਸਿੰਘ, ਇੰਦਰਜੀਤ ਰੱਖੜਾ, ਮਹਿੰਦਰ ਸਿੰਘ ਲਾਲਵਾ, ਜਗਮੀਤ ਸਿੰਘ ਹਰਿਆਓ, ਸਾਬਕਾ ਪ੍ਰਧਾਨ ਜੋਗਾ ਸਿੰਘ ਪਾਤੜਾਂ, ਗੋਬਿੰਦ ਵਿਰਦੀ, ਗੁਰਬਚਨ ਸਿੰਘ, ਗੁਰਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button