Punjab-Chandigarh

ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ‘ਚ ਮ੍ਰਿਤਕਾਂ ਦੇ ਬਲੀਦਾਨ ਦਾ ਸਤਿਕਾਰ ਕੀਤਾ-ਸੰਦੀਪ ਹੰਸ

Shiv Kumar:

ਪਟਿਆਲਾ, 15 ਨਵੰਬਰ: ਖੇਤੀਬਾੜੀ ਸਬੰਧੀਂ ਤਿੰਨ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ‘ਚ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਯੋਗ ਵਾਰਸਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ 14 ਕਿਸਾਨਾਂ ਦੇ ਯੋਗ ਵਾਰਸਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ ਹਨ ਅਤੇ ਬਾਕੀ 1 ਕੇਸ ਦੀ ਪ੍ਰਕ੍ਰਿਆ ਵੀ ਅੰਤਿਮ ਪੜਾਅ ‘ਤੇ ਹੈ।


ਡੀ.ਸੀ. ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਨ ਵਿਭਾਗਾਂ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਸਬੰਧਤ ਵਿਧਾਇਕਾਂ ਵੱਲੋਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਲਈ ਲੋੜੀਂਦੀ ਅਗਵਾਈ ਦੇਣ ਦੇ ਨਾਲ-ਨਾਲ ਪੈਰਵਾਈ ਵੀ ਕੀਤੀ ਗਈ, ਜਿਸ ਲਈ ਇਨ੍ਹਾਂ ਕਿਸਾਨਾਂ ਦੇ ਵਾਰਸਾਂ ਨੂੰ ਸਮੇਂ ਸਿਰ ਨਿਯੁਕਤੀ ਪੱਤਰ ਦਿੱਤੇ ਜਾਣੇ ਸੰਭਵ ਹੋਏ ਹਨ। ਇਸੇ ਦੌਰਾਨ ਨਵ-ਨਿਯੁਕਤ ਕਰਮਚਾਰੀਆਂ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ

ਕਰਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸੰਕਟ ਦੀ ਘੜੀ ਬਾਂਹ ਫੜਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
ਸ੍ਰੀ ਸੰਦੀਪ ਹੰਸ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਕਿਸਾਨ ਸੰਘਰਸ਼ ‘ਚ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨ, ਜਿਨ੍ਹਾਂ ‘ਚ ਪਿੰਡ ਨੰਦਪੁਰ ਕੇਸ਼ੋ ਦੇ ਰਫ਼ੀਕ ਖ਼ਾਨ, ਸ਼ੇਖਪੁਰਾ ਦੇ ਸੁਖਦੇਵ ਸਿੰਘ, ਬਿਲਾਸਪੁਰ ਦੇ ਬਲਵਿੰਦਰ ਸਿੰਘ, ਦੌਣ ਕਲਾਂ ਦੇ ਮਲਕੀਤ ਸਿੰਘ, ਰਣਜੀਤ ਨਗਰ ਦੇ ਇੰਦਰਜੀਤ ਸਿੰਘ, ਸਫ਼ੇੜਾ ਦੇ ਲਾਭ ਸਿੰਘ, ਲਲੌਡਾ ਦੇ ਭਗਵੰਤ ਸਿੰਘ, ਥੂਹੀ ਦੇ ਜੀਤ ਸਿੰਘ, ਫ਼ਤਿਹਗੜ੍ਹ ਛੰਨਾ ਦੇ ਭੀਮ ਸਿੰਘ ਤੇ ਸ਼ੁਤਰਾਣਾ ਦੇ ਹਜੂਰਾ ਸਿੰਘ ਸ਼ਾਮਲ ਹਨ, ਦੇ ਵਾਰਸਾਂ ਦੀ ਯੋਗਤਾ ਮੁਤਾਬਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਜਦੋਂਕਿ ਇੰਦਰਪੁਰਾ ਦੇ ਪਰਮਵੀਰ ਸਿੰਘ, ਦੌਣ ਕਲਾਂ ਦੇ ਵਰੁਣ ਅੱਤਰੀ, ਸਫੇੜਾ ਦੇ ਗੁਰਪ੍ਰੀਤ ਸਿੰਘ ਅਤੇ ਖੇੜੀ ਜੱਟਾਂ ਦੇ ਨਵਜੋਤ ਸਿੰਘ ਦੇ ਯੋਗ ਵਾਰਸਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ‘ਚ ਨੌਕਰੀ ਦਿੱਤੀ ਗਈ ਹੈ।


ਸ੍ਰੀ ਸੰਦੀਪ ਹੰਸ ਨੇ ਅੱਗੇ ਕਿਹਾ ਕਿ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਪਰਿਵਾਰਾਂ ਦੇ ਹਰ ਸਮੇਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਰਕਾਰੀ ਨੌਕਰੀ ਬੜੀ ਮਿਹਨਤ ਤੇ ਤਰੱਦਦ ਨਾਲ ਮਿਲਦੀ ਹੈ ਪਰੰਤੂ ਇਨ੍ਹਾਂ ਉਮੀਦਵਾਰਾਂ ਦੇ ਪਰਿਵਾਰਾਂ ਦਾ ਕਿਸਾਨੀ ਸੰਘਰਸ਼ ਲਈ ਬਲੀਦਾਨ ਵੀ ਕੋਈ ਘੱਟ ਨਹੀਂ ਹੈ, ਜਿਸ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਕਿਸਾਨਾਂ ਦੇ ਬਲੀਦਾਨ ਦਾ ਸਨਮਾਨ ਕੀਤਾ ਹੈ। ਪੰਜਾਬ ਸਰਕਾਰ ਨੇ ਕਿਸਾਨੀ ਸੰਘਰਸ਼ ਦੇ ਮ੍ਰਿਤਕ ਕਿਸਾਨਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਯੋਗ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ।

Spread the love

Leave a Reply

Your email address will not be published. Required fields are marked *

Back to top button