Punjab-ChandigarhTop News

ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪਲਾਸਟਿਕ ਮੁਕਤ, ਹਰਿਆ-ਭਰਿਆ ਤੇ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ-ਚੇਤਨ ਸਿੰਘ ਜੌੜਾਮਾਜਰਾ

Ajay verma (The Mirror Time)

ਪਟਿਆਲਾ, 5 ਅਗਸਤ:
ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਪਲਾਸਟਿਕ ਮੁਕਤ, ਹਰਿਆ-ਭਰਿਆ ਅਤੇ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ।
ਸਿਹਤ ਮੰਤਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਮਿਸ਼ਨ ਨੂੰ ਹੋਰ ਪ੍ਰਫੁੱਲਤ ਕਰਨ ਲਈ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ। ਇਸ ਮੌਕੇ ਸ. ਜੌੜਾਮਾਜਰਾ ਨੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਲਾਸਟਿਕ ਵਸਤਾਂ ਦੇ ਬਦਲ ਵਜੋਂ, ਜੂਟ, ਕੱਪੜੇ, ਲੱਕੜ, ਦਰਖ਼ਤਾਂ ਦੇ ਪੱਤਿਆਂ, ਸਟਾਰਚ, ਕਾਗ਼ਜ ਅਤੇ ਗ਼ਲਣਯੋਗ ਪਦਾਰਥਾਂ ਤੋਂ ਬਣੇ ਤੇ ਰੋਜ਼ਾਨਾ ਘਰੇਲੂ ਵਰਤੋਂ ‘ਚ ਆਉਣ ਵਾਲੇ ਸਾਜ਼ੋ ਸਮਾਨ ਨੂੰ ਹੀ ਵਰਤਣ ਦਾ ਸੱਦਾ ਦਿੱਤਾ।
ਸਿੰਗਲ ਯੂਜ਼ ਪਲਾਸਟਿਕ ਨੂੰ ਵਾਤਾਵਰਣ, ਮਨੁੱਖੀ ਤੇ ਪਸ਼ੂ-ਪੰਛੀਆਂ ਦੀ ਸਿਹਤ ਲਈ ਵੱਡਾ ਖ਼ਤਰਾ ਕਰਾਰ ਦਿੰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਾਜ਼ਰੀਨ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਪ੍ਰਣ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਖ਼ਿਲਾਫ਼ ਚਲਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਨਾਗਰਿਕ ਸਹਿਯੋਗ ਦੇਵੇ ਤਾਂ ਕਿ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਸਵੱਛ ਵਾਤਾਵਰਣ ਮੁਹੱਈਆ ਕਰਵਾ ਸਕੀਏ।


ਇਸ ਮੌਕੇ ਏ.ਡੀ.ਸੀ (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ। ਏ.ਡੀ.ਸੀ. ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਂ ਦਿੱਲੀ ਵੱਲੋਂ ਮਿਤੀ 12 ਅਗਸਤ 2021 ਦੀ ਨੋਟੀਫਿਕੇਸ਼ਨ ਰਾਹੀਂ ਸਿੰਗਲ ਯੂਜ਼ ਪਲਾਸਟਿਕ (ਐਸ.ਯੂ.ਪੀ.) ਵਸਤਾਂ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ‘ਤੇ ਮਿਤੀ 1 ਜੁਲਾਈ, 2022 ਤੋਂ ਲਗਾਈ ਪਾਬੰਦੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਿੰਗਲ ਯੂਜ਼ ਪਲਾਸਟਿਕ ਦੀਆਂ ਪਾਬੰਦੀਸ਼ੁਦਾ ਵਸਤਾਂ ‘ਤੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇਗੀ।
ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨਜੋਤ ਕੌਰ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਪ੍ਰਿੰਸੀਪਲ ਪ੍ਰੋ. ਕੁਸਮ ਲਤਾ, ਪੀ.ਪੀ.ਸੀ.ਬੀ. ਦੇ ਕਾਰਜਕਾਰੀ ਇੰਜੀਨੀਅਰ ਨਵਤੇਸ਼ ਸਿੰਗਲਾ, ਐਡਵੋਕੇਟ ਗੁਲਜ਼ਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


ਸਮਾਰੋਹ ਮੌਕੇ ਸਮਾਜ ਸੇਵੀ ਸੰਸਥਾਵਾਂ ਜਨ ਹਿਤ ਸੰਮਤੀ, ਪਟਿਆਲਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਤੇ ਗਿਆਨ ਜੋਤੀ, ਸਵੈ ਸਹਾਇਤਾ ਗਰੁੱਪਾਂ ਤੇ ਪਲਾਸਟਿਕ ਇੰਡਸਟਰੀਜ਼ ਵੱਲੋਂ ਕੱਪੜੇ ਦੇ ਝੋਲਿਆਂ, ਬਾਇਓਡੀਗ੍ਰੇਡੇਬਲ ਵਸਤਾਂ ਤੇ ਕਰਾਕਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮੈਡਮ ਰੁਪਿੰਦਰ ਗਰੇਵਾਲ ਨੇ ਮੰਚ ਸੰਚਾਲਨ ਕੀਤਾ।
ਸਰਕਾਰੀ ਕਾਲਜ ਆਫ਼ ਗਰਲਜ਼ ਦੀ ਪ੍ਰੋ. ਰਿਚਾ ਬਾਂਸਲ ਨੇ ਵਾਤਾਵਰਣ ਸੰਭਾਲ ਤੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ, ਸਰਕਾਰੀ ਸਿਵਲ ਲਾਈਨ ਸਕੂਲ ਦੀ ਵਿਦਿਆਰਥਣ ਰੂਪਲੀਨ ਕੌਰ, 12ਵੀਂ ਦੀ ਆਈ.ਸੀ.ਐਸ. ਟਾਪਰ ਜੋਇ ਜਸਮੀਨ ਕੌਰ, ਬਿਕਰਮ ਕਾਲਜ ਦੀ ਮੰਨਤਪ੍ਰੀਤ ਕੌਰ ਅਤੇ ਕੈਰੀਅਰ ਇਨਕਲੇਵ ਜਸੋਵਾਲ ਦੇ ਸਰਪੰਚ ਯੁਵਰਾਜ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਜਦਕਿ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਲਾਸਟਿਕ ਦੀ ਵਰਤੋਂ ਨਾਹ ਕਰਨ ਬਾਰੇ ਨੁਕੜ ਨਾਟਕ ਦੀ ਪੇਸ਼ਕਾਰੀ ਕੀਤੀ।

Spread the love

Leave a Reply

Your email address will not be published. Required fields are marked *

Back to top button