ਚੀਮਾ ਵੱਲੋਂ ਆਬਕਾਰੀ ਵਿਭਾਗ ਨੂੰ ਗੈਰ-ਕਾਨੂੰਨੀ ਐਕਸਟਰਾ ਨਿਊਟਰਲ ਅਲਕੋਹਲ ਦੇ ਵਪਾਰ ‘ਤੇ ਮੁਕੰਮਲ ਰੋਕ ਲਗਾਉਣ ਲਈ ਰਾਜ ਵਿਆਪੀ ਮੁਹਿੰਮ ਚਲਾਉਣ ਦੇ ਨਿਰਦੇਸ਼
ਚੰਡੀਗੜ੍ਹ, 30 ਅਗਸਤ
ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 2000 ਲੀਟਰ ਨਾਜਾਇਜ਼ ਐਕਸਟਰਾ ਨਿਊਟ੍ਰਲ ਅਲਕੋਹਲ (ਈ.ਐਨ.ਏ) ਜ਼ਬਤ ਕਰਕੇ ਇੱਕ ਵੱਡੀ ਤ੍ਰਾਸਦੀ ਨੂੰ ਟਾਲਣ ਲਈ ਆਬਕਾਰੀ ਵਿਭਾਗ ਨੂੰ ਵਧਾਈ ਦਿੰਦਿਆਂ ਈ.ਐਨ.ਏ ਦੀ ਤਸਕਰੀ ‘ਤੇ ਮੁਕੰਮਲ ਰੋਕ ਲਗਾਉਣ ਲਈ ਰਾਜ ਵਿਆਪੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ।
ਅੱਜ ਇਥੇ ਆਬਕਾਰੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਨਾਜਾਇਜ਼ ਸ਼ਰਾਬ ਖਾਸ ਤੌਰ ‘ਤੇ ਈ.ਐਨ.ਏ ਤਸਕਰੀ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਕਿਉਂਕਿ ਇਸ ਨਾਲ ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਦਾ ਹੈ ਬਲਕਿ ਮਨੁੱਖੀ ਸਿਹਤ ‘ਤੇ ਵੀ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਸ. ਚੀਮਾ ਨੇ ਵਿਭਾਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮੀਥੇਨੌਲ ਡੀਲਰਾਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਿਥਾਇਲ ਅਲਕੋਹਲ ਦੀ ਗੈਰ-ਕਾਨੂੰਨੀ ਜਾਂ ਅਣਅਧਿਕਾਰਤ ਵਿਕਰੀ ਨਾ ਹੋਵੇ ਜਿਸ ਤੋਂ ਸ਼ਰਾਬ ਬਣਾਏ ਜਾਣ ਨਾਲ ਵੱਡਾ ਦੁਖਾਂਤ ਵਾਪਰ ਸਕਦਾ ਹੈ।
ਮੀਟਿੰਗ ਦੌਰਾਨ ਵਿੱਤ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਆਬਕਾਰੀ ਵਿਭਾਗ ਨੇ ਇਸ ਸਾਲ ਜੁਲਾਈ ਮਹੀਨੇ ਵਿੱਚ 2700 ਛਾਪੇਮਾਰੀਆਂ ਅਤੇ 2998 ਨਾਕਿਆਂ ਦੌਰਾਨ 15131 ਬੋਤਲਾਂ ਪੰਜਾਬ ਮੀਡੀਅਮ ਸ਼ਰਾਬ (ਪੀ.ਐਮ.ਐਲ.), 7917 ਬੋਤਲਾਂ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ (ਆਈ.ਐਮ.ਐਫ.ਐਲ.), 2596 ਬੋਤਲਾਂ ਬੀਅਰ, ਰੈਡੀ ਟੂ ਡਰਿੰਕ ਸ਼ਰਾਬ ਦੀਆਂ 3795 ਬੋਤਲਾਂ, 724694 ਲੀਟਰ ਲਾਹਣ, 5895 ਲੀਟਰ ਨਜਾਇਜ਼ ਸ਼ਰਾਬ ਅਤੇ 784 ਭੱਠੀਆਂ ਬਰਾਮਦ ਕਰਕੇ 320 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 414 ਐਫ.ਆਈ.ਆਰ. ਦਰਜ਼ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਸਬੰਧਤ ਵਿਅਕਤੀਆਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਦਰ 81.72 ਪ੍ਰਤੀਸ਼ਤ ਹੈ।
ਵਿੱਤ ਮੰਤਰੀ ਨੇ ਵਿੱਤੀ ਸਾਲ 2019-20, 2020-21 ਅਤੇ 2021-22 ਲਈ ਆਬਕਾਰੀ ਵਿਭਾਗ ਦੇ ਮਾਲੀਏ ਦੇ ਅੰਕੜਿਆਂ ਦੇ ਖਜਾਨੇ ਨਾਲ ਤਾਲਮੇਲ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਖਜ਼ਾਨੇ ਨਾਲ ਮਾਲੀਏ ਦੇ ਅੰਕੜਿਆਂ ਦੇ ਨਾਲੋ-ਨਾਲ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਮੇਂ ਸਿਰ ਕਿਸੇ ਵੀ ਧੋਖਾਧੜੀ ਜਾਂ ਜਾਅਲੀ ਮਾਲੀਆ ਪ੍ਰਾਪਤੀ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਵਿਭਾਗ ਨੂੰ ਇਸ ਸਾਲ ਜੁਲਾਈ ਅਤੇ ਅਗਸਤ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਮਾਲੀਆ ਇਕੱਤਰੀਕਰਨ ਦੀ ਤੁਲਨਾ ਰਿਪੋਰਟ 5 ਸਤੰਬਰ ਤੱਕ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਸਮੀਖਿਆ ਮੀਟਿੰਗ ਵਿੱਚ ਵਿੱਤ ਕਮਿਸ਼ਨਰ (ਕਰ) ਅਜੋਏ ਸ਼ਰਮਾ, ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਅਤੇ ਰਾਜ ਦੇ ਮੁੱਖ ਦਫ਼ਤਰ ਤੇ ਆਬਕਾਰੀ ਜ਼ਿਲ੍ਹਿਆਂ ਤੋਂ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
————