ਸੀਨੀਅਰ ਸਫਾਈ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਸਬੰਧੀ ਨਗਰ ਨਿਗਮ ਸੰਯੁਕਤ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Harpreet kaur ( TMT)
ਪਟਿਆਲਾ :— ਨਗਰ ਨਿਗਮ ਦੇ ਅਯੋਗ ਜੂਨੀਅਰ ਸਫਾਈ ਕਰਮਚਾਰੀਆਂ ਦੀਆਂ ਕੀਤੀਆਂ ਗਈਆਂ ਤਰੱਕੀਆਂ ਨੂੰ ਰੱਦ ਕਰ ਇਨ੍ਹਾਂ ਦੀ ਥਾਂ ਪੁਰਾਣੇ ਸੀਨੀਅਰ ਯੋਗ ਸਫ਼ਾਈ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਦੇ ਸਬੰਧ ਵਿੱਚ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀਯ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਨਗਰ ਨਿਗਮ ਸੰਯੂਕਤ ਕਮਿਸ਼ਨਰ ਜੀਵਨ ਜੋਤ ਕੌਰ ਨੂੰ ਸੋਂਪਿਆ ਗਿਆ। ਜਿਸ ਵਿੱਚ ਪੁਰਜੋਰ ਮੰਗ ਕਰਦਿਆਂ ਵੀਰ ਪੇ੍ਰਮ ਖੋੜਾ ਅਤੇ ਭਾਵਾਧਸ ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਪੁਰਾਣੇ ਪੜੇ ਲਿਖੇ ਸਫਾਈ ਕਰਮਚਾਰੀਆਂ ਦੀ ਸੀਨੀਆਰਤਾ ਨੂੰ ਦਰਕਿਨਾਰ ਕਰਦਿਆਂ ਅਯੋਗ ਰੈਗੂਲਰ ਸਫਾਈ ਕਰਮਚਾਰੀਆਂ ਜਿਹੜੇ ਕਿ ਤਰੱਕੀਆਂ ਦੇ ਯੋਗ ਨਹੀਂ ਸਨ ਨੂੰ ਸਿਆਸੀ ਦਬਾਅ ਹੇਠ ਆ ਕੇ ਆਰਜੀ ਤੌਰ ਤੇ ਤਰੱਕੀਆਂ ਦਿੱਤੀਆਂ ਗਈਆਂ ਸਨ ਇਹ ਪੜੇ ਲਿਖੇ ਯੋਗ ਸੀਨੀਅਰ ਰੈਗੂਲਰ ਸਫਾਈ ਕਰਮਚਾਰੀਆਂ ਨਾਲ ਧੱਕੇਸ਼ਾਹੀ ਅਤੇ ਬੇਇਨਸਾਫੀ ਹੈ। ਉਹਨਾ ਕਿਹਾ ਕਿ ਸੀਨੀਅਰ ਸਫਾਈ ਕਰਮਚਾਰੀ ਆਪਣੀ ਤਰੱਕੀਆਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਪਰ ਇਨ੍ਹਾਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਹੋਰ ਕੁੱਝ ਨਹੀਂ ਆਇਆ। ਜਿਸ ਕਾਰਨ ਜਿੱਥੇ ਇਨ੍ਹਾਂ ਦੇ ਆਤਮ ਵਿਸ਼ਵਾਸ਼ ਵਿੱਚ ਕਮੀ ਆਈ ਹੈ ਉੱਥੇ ਹੀ ਨਗਰ ਨਿਗਮ ਦਾ ਅਨੁਸ਼ਾਸ਼ਨ ਵੀ ਵਿਗੜਦਾ ਜਾ ਰਿਹਾ ਹੈ। ਜੁਨੀਅਰ ਸਫਾਈ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ ਜਾਂਚ ਪੜਤਾਲ ਵੀ ਬਹੁਤ ਜਰੂਰੀ ਹੈ। ਵੀਰ ਪ੍ਰੇਮ ਖੋੜਾ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਦੇ ਆਗੂ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਅਤੇ ਦਿਹਾਤੀ ਵਿਧਾਇਕ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਨਾਲ ਵੀ ਮੁਲਾਕਾਤ ਕਰਨਗੇ। ਜੂਨੀਅਰ ਸਹਾਇਕ ਕਰਮਚਾਰੀਆਂ ਦੀਆਂ ਤਰੱਕੀਆਂ ਜਲਦ ਰੱਦ ਨਾ ਕੀਤੀਆਂ ਗਈਆਂ ਅਤੇ ਜੇਕਰ ਸੀਨੀਅਰ ਯੋਗ ਸਫਾਈ ਕਰਮਚਾਰੀਆਂ ਨੂੰ ਪੱਦਉਨਤ ਨਾ ਕੀਤਾ ਗਿਆ ਤਾਂ ਭਾਰਤੀਯ ਵਾਲਮੀਕਿ ਧਰਮ ਸਮਾਜ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਰਾਜੇਸ਼ ਸਭਰਵਾਲ, ਭਗਵਾਨ ਦਾਸ, ਸੀਮਾ ਵੈਦ, ਅਮਿਤ ਸਿਰਸਵਾਲ, ਇਕਬਾਲ ਮਹਿਰਾ, ਸੋਹਣ ਸਿੰਘ ਸਿੱਧੂ, ਵਿਸ਼ਾਲ ਕੰਬੋਜ, ਗੁਰਪਾਲ ਸਿੰਘ ਸਿੱਧੂ, ਦੀਪਕ ਕੁਮਾਰ ਵਾਲਮੀਕਿ, ਅਸ਼ੋਕ ਵੈਦ, ਬਲਵੀਰ ਸਿੰਘ, ਵਿਜੇ ਸੰਗਰ, ਜਸਵੰਤ ਸਿੰਘ ਸੰਤ, ਸਾਗਰ ਧਾਲੀਵਾਲ ਆਦਿ ਆਗੂ ਹਾਜਰ ਸਨ।