ਜਨ ਸੁਵਿਧਾ ਕੈਂਪ ‘ਚ ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਮਿਲੇਗਾ ਇੱਕੋ ਛੱਤ ਥੱਲੇ
ਪਟਿਆਲਾ, 12 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਘਰਾਂ ਦੇ ਨੇੜੇ ਦੇਣ ਦੇ ਮਕਸਦ ਨਾਲ ਹਰੇਕ ਮਹੀਨੇ ਲਗਾਏ ਜਾਂਦੇ ਜਨ ਸੁਵਿਧਾ ਕੈਂਪ ਇਸ ਮਹੀਨੇ 17 ਅਗਸਤ ਨੂੰ ਦੁਪਹਿਰ 3 ਵਜੇ ਤੋਂ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੇ ਵਿਧਾਨ ਸਭਾ ਹਲਕਿਆਂ ਅੰਦਰ ਵੱਖ-ਵੱਖ ਥਾਵਾਂ ‘ਤੇ 9 ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਥੇ ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਨਾਲ ਨਾਲ ਸਾਰੇ ਵਿਭਾਗ ਵੱਲੋਂ ਇੱਕੋ ਛੱਤ ਥੱਲੇ ਸਰਕਾਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਦਾ ਜਨ ਸੁਵਿਧਾ ਕੈਂਪ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਅਤੇ ਪਟਿਆਲਾ ਦਿਹਾਤੀ ਦਾ ਕੈਂਪ ਤੇਜਿੰਦਰਾ ਪਬਲਿਕ ਸਕੂਲ ਭਾਦਸੋਂ ਰੋਡ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਣਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਬਾਮਣਾ ਵਿਖੇ ਕੈਂਪ ਲਗਾਏ ਜਾਣਗੇ ਅਤੇ ਸਨੌਰ ਵਿਖੇ ਸਰਕਾਰੀ ਮਿਡਲ ਸਕੂਲ ਜੂਲਕਾਂ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਜਾਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਾਭਾ ਵਿਖੇ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਪਿੰਡ ਚੈਹਿਲ ਅਤੇ ਸ਼ੁਤਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਹੜ ਵਿਖੇ ਜਨ ਸੁਵਿਧਾ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਰਾਜਪੁਰਾ ਦਾ ਕੈਂਪ ਸਰਕਾਰੀ ਮਿਡਲ ਸਕੂਲ ਪਿਲਖਣੀ ਤੇ ਘਨੌਰ ਦਾ ਜਨ ਸੁਵਿਧਾ ਕੈਂਪ ਸਰਕਾਰੀ ਹਾਈ ਸਕੂਲ ਸੈਦਖੇੜੀ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕਰਦਿਆ ਕਿਹਾ ਕਿ ਜਿਥੇ ਇਨ੍ਹਾਂ ਕੈਂਪਾਂ ‘ਚ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦੇ ਫਾਰਮ ਭਰੇ ਜਾਣਗੇ, ਉਥੇ ਹੀ ਹਰੇਕ ਵਿਭਾਗ ਵੱਲੋਂ ਵਿਭਾਗ ਅਧੀਨ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋੜਵੰਦ ਸਕੀਮਾਂ ਨੂੰ ਸਮਝਕੇ ਇਨ੍ਹਾਂ ਦਾ ਲਾਭ ਉੱਠਾ ਸਕਣ ਤੇ ਸਰਕਾਰ ਵੱਲੋਂ ਲਗਾਏ ਜਾ ਰਹੇ ਜਨ ਸੁਵਿਧਾ ਕੈਂਪ ਆਪਣੇ ਮਕਸਦ ‘ਚ ਸਫਲ ਹੋ ਸਕਣ।