ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ
Ajay Verma ( The Mirror Time )
ਪਟਿਆਲਾ| ਪ੍ਰਭੂ ਸ੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਕੀਤਾ ਹੈ।
ਇਥੇ ਰਾਘੋ ਮਾਜਰਾ ਵਿਖੇ ਸ੍ਰੀ ਹਨੂਮਾਨ ਜੀ ਮੰਦਿਰ ਵਿਚ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਉਹਨਾਂ ਦਾ ਸੁਭਾਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਉਸ ਪਟਿਆਲਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਜਿਸ ਹਲਕੇ ਵਿਚ ਭਗਵਾਨ ਰਾਮ ਦਾ ਨਾਨਕਾ ਪਿੰਡ ਘੜਾਮ ਪੈਂਦਾ ਹੈ।
ਉਹਨਾਂ ਕਿਹਾ ਕਿ ਉਹਨਾਂ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਜੀ ਅੱਗੇ ਸੀਸ ਨਿਵਾ ਕੇ ਇਹ ਪ੍ਰਣ ਕੀਤਾ ਹੈ ਕਿ ਇਸ ਅਸਥਾਨ ’ਤੇ ਪ੍ਰਭੂ ਸ੍ਰੀਰਾਮ ਤੇ ਮਾਤਾ ਕੌਸ਼ਲਿਆ ਜੀ ਦਾ ਵਿਸ਼ਾਲ ਮੰਦਿਰ ਬਣਵਾਇਆ ਜਾਵੇਗਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਰਾਮ ਨੌਮੀ ਵਾਲੇ ਦਿਨ ਜਨਤਕ ਤੌਰ ’ਤੇ ਇਹ ਐਲਾਨ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਘੜਾਮ ਵਿਚ ਵਿਸ਼ਾਲ ਮੰਦਿਰ ਦਾ ਨਿਰਮਾਣ ਕਰਵਾਇਆ ਜਾਵੇਗਾ।
ਉਹਨਾਂ ਕਿਹਾ ਕਿ ਪ੍ਰਭੂ ਸ੍ਰੀਰਾਮ ਅਤੇ ਮਾਤਾ ਕੌਸ਼ਲਿਆ ਜੀ ਦੀ ਸੇਵਾ ਨਾਲ ਉਹਨਾਂ ਦਾ ਜੀਵਨ ਸਫਲ ਹੋ ਜਾਵੇਗਾ। ਉਹਨਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਤੇ ਸਭ ਨੂੰ ਨਾਲ ਲੈ ਕੇ ਉਹ ਚੋਣਾਂ ਦਾ ਕੰਮ ਖਤਮ ਹੋਣ ਮਗਰੋਂ ਇਹ ਮੰਦਿਰ ਨਿਰਮਾਣ ਦੀ ਰੂਪ ਰੇਖਾ ਉਲੀਕਣਗੇ ਅਤੇ ਇਸ ਲਈ ਸਭ ਦਾ ਸਹਿਯੋਗ ਲੈ ਕੇ ਚੱਲਣਗੇ। ਉਹਨਾਂ ਕਿਹਾ ਕਿ ਅਯੁੱਧਿਆ ਵਾਂਗੂ ਘੜਾਮ ਨੂੰ ਵੀ ਕੌਮਾਂਤਰੀ ਪੱਧਰ ’ਤੇ ਉਭਾਰਿਆ ਜਾਵੇਗਾ ਤਾਂ ਜੋ ਦੇਸ਼ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਭੂ ਸ਼੍ਰੀਰਾਮ ਜੀ ਦੇ ਭਗਤ ਇਸ ਪਵਿੱਤਰ ਅਸਥਾਨ ਦੇ ਵੀ ਦਰਸ਼ਨ ਕਰਨ ਵਾਸਤੇ ਆ ਸਕਣ। ਉਹਨਾਂ ਕਿਹਾ ਕਿ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਨੇ ਅੰਮ੍ਰਿਤਸਰ ਵਿਚ ਪ੍ਰਭੂ ਸ਼੍ਰੀਰਾਮ ਤੇ ਮਾਤਾ ਸੀਤਾ ਜੀ ਦੇ ਅਸਥਾਨ ਰਾਮ ਤੀਰਥ ਦਾ ਨਿਰਮਾਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਇਆ ਸੀ ਤੇ ਹੁਣ ਘੜਾਮ ਵਿਚ ਵੀ ਇਹ ਸੇਵਾ ਅਕਾਲੀ ਦਲ ਹੀ ਕਰੇਗਾ।