ਭਾਸ਼ਾ ਵਿਭਾਗ ਪੰਜਾਬ ਵੱਲੋਂ ਰੰਗਾ-ਰੰਗ ਪ੍ਰੋਗਰਾਮ ਰਾਹੀਂ ਪੰਜਾਬੀ ਮਾਹ ਨੂੰ ਵਿਦਾਇਗੀ
Harpreet Kaur ( The Mirror time )
ਪਟਿਆਲਾ 30 ਨਵੰਬਰ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਮਨਾਏ ਗਏ ਪੰਜਾਬੀ ਮਾਹ ਦਾ ਵਿਦਾਇਗੀ ਸਮਾਰੋਹ ਅੱਜ ਇੱਥੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ. ਦੀਪਕ ਮਨਮੋਹਨ ਨੇ ਕੀਤੀ ਅਤੇ ਡਾ. ਛਿੰਦਰਪਾਲ ਸਿੰਘ ਤੇ ਡਾ. ਡੀ.ਐਸ. ਰਤਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਸਰਗਰਮੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ। ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਨੇ ਪੰਜਾਬੀ ਮਾਹ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਡਾ. ਅਜੈਪਾਲ ਸਿੰਘ ਦੀ ਪੁਸਤਕ ‘ਅਤਰ ਦੀ ਲੋਅ’ ਅਤੇ ਜੰਗੀਰ ਸਿੰਘ ਦਿਲਬਰ ਦੀ ਪੁਸਤਕ ‘ਸ਼ਬਦਾਂ ਦੀ ਲੋਅ’ ਰਿਲੀਜ਼ ਕੀਤੀਆਂ ਗਈਆਂ। ਬਾਜ ਮਹਿਲੀਆਂ ਦੇ ਧਾਰਮਿਕ ਗੀਤ ‘ਮਾਂ ਗੁਜ਼ਰੀ ਦਾ ਲਾਲ’ ਦਾ ਪੋਸਟਰ ਜਾਰੀ ਕੀਤਾ।
ਪ੍ਰਧਾਨਗੀ ਭਾਸ਼ਣ ‘ਚ ਡਾ. ਦੀਪਕ ਮਨਮੋਹਨ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਖੁੱਲ੍ਹੇ ਦਿਲ ਨਾਲ ਫ਼ੰਡ ਅਤੇ ਸਹੂਲਤਾਂ ਦੇਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸ. ਮਾਨ ਅਜਿਹੇ ਸ਼ਖਸ਼ ਹਨ ਜੋ ਆਪਣਾ ਹਰ ਵਾਅਦਾ ਨਿਭਾਉਣ ਲਈ ਜਾਣੇ ਜਾਂਦੇ ਹਨ ਇਸ ਕਰਕੇ ਪੰਜਾਬੀ ਪ੍ਰੇਮੀਆਂ ਨੂੰ ਉਮੀਦ ਹੈ ਕਿ ਮਾਂ ਬੋਲੀ ਹੁਣ ਨਵੀਂਆਂ ਬੁਲੰਦੀਆਂ ਨੂੰ ਛੂਹੇਗੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀਆਂ ਸ਼ਲਾਘਾ ਕੀਤੀ ਅਤੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਵਿਸ਼ੇਸ਼ ਮਹਿਮਾਨ ਡਾ. ਛਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਇਸ ਨੂੰ ਤਕਨੀਕੀ ਤੇ ਕਾਰੋਬਾਰ ਦੀ ਭਾਸ਼ਾ ਬਣਾਉਣਾ ਲਾਜ਼ਮੀ ਹੈ। ਜਿਸ ਲਈ ਸਾਡੇ ਵਿਦਵਾਨਾਂ ਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਡਾ. ਡੀ.ਐਸ ਰਤਨ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਸਮਰਪਣ ਦੀ ਭਾਵਨਾ ਦਾ ਹੋਣਾ ਲਾਜ਼ਮੀ ਹੈ। ਇਸ ਲਈ ਸਭ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਾਂ ਬੋਲੀ ‘ਤੇ ਮਾਣ ਕਰਨ ਅਤੇ ਇਸ ਦੇ ਪ੍ਰਸਾਰ ਲਈ ਯਤਨ ਕਰਨ।
ਭਾਸ਼ਾ ਵਿਭਾਗ ਵੱਲੋਂ ਡਾ. ਦੀਪਕ ਮਨਮੋਹਨ, ਦਰਸ਼ਨ ਬੁੱਟਰ, ਓਮ ਪ੍ਰਕਾਸ਼ ਗਾਸੋ, ਨਿਰਪਾਲ ਸਿੰਘ ਸ਼ੇਰਗਿੱਲ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਦਵਿੰਦਰ ਬੋਹਾ, ਡਾ. ਗੁਰਮੇਲ ਕੌਰ ਜੋਸ਼ੀ, ਸੰਧੂ ਵਰਿਆਣਵੀ, ਪਵਨ ਹਰਚੰਦਪੁਰੀ, ਬਲਕਾਰ ਸਿੰਘ ਸਿੱਧੂ, ਮਦਨ ਲਾਲ ਹਸੀਜਾ, ਉਜਾਗਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਨੇ ਸੁਰਿੰਦਰ ਕੁਮਾਰ ਸੈਣੀ ਦੀ ਅਗਵਾਈ ‘ਚ ਗੀਤ-ਸੰਗੀਤ, ਭੰਡ, ਕਵੀਸ਼ਰੀ ਅਤੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਕੀਤੀਆਂ। ਇਸ ਗਰੁੱਪ ‘ਚ ਸ਼ਾਮਲ ਗਾਇਕ ਨਛੱਤਰ ਸਿੰਘ, ਕਰਮ ਰਾਜ ਕਰਮ, ਹਰਵਿੰਦਰ ਕੌਰ ਨੇ ਲੋਕ ਗਾਇਕੀ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਮੀਨੂੰ ਮਾਵੀ, ਹਰਦੀਪ ਸਿੰਘ, ਹਰਿੰਦਰ ਸਿੰਘ, ਸੁਖਵਿੰਦਰ ਸ਼ੇਰਗਿੱਲ, ਸੁਖਦਾਸ ਤੇ ਮੁਖਤਿਆਰ ਸ਼ੌਂਕੀ ਨੇ ਲੋਕ ਨਾਚਾਂ, ਭੰਡਾਂ ਤੇ ਕਵੀਸ਼ਰੀ ਦੀਆਂ ਪੇਸ਼ਕਾਰੀਆਂ ਕਰਕੇ ਸਮਾਗਮ ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਸਮਾਗਮ ਦੀ ਸਫਲਤਾ ਲਈ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ, ਅਲੋਕ ਚਾਵਲਾ, ਅਸ਼ਰਫ਼ ਮਹਿਮੂਦ ਨੰਦਨ, ਪਰਵੀਨ ਕੁਮਾਰ, ਅਮਰਿੰਦਰ ਸਿੰਘ, ਹਰਭਜਨ ਕੌਰ, ਸੁਰਿੰਦਰ ਕੌਰ ਤੇ ਮੁਲਾਜ਼ਮਾਂ ਨੇ ਸਖਤ ਮਿਹਨਤ ਕੀਤੀ। ਸਮਾਗਮ ਦਾ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।