‘ਆਪ’ ਦੀ ਬਾਜ਼ੀਗਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਨਾਮਸੋਤ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ‘ਤੇ ਸਨਮਾਨ
9 ਫਰਵਰੀ (ਫਤਹਿਗੜ੍ਹ ਸਾਹਿਬ) ਆਮ ਆਦਮੀ ਪਾਰਟੀ ਦੀ ਬਾਜ਼ੀਗਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਇੰਦਰ ਸਿੰਘ ਨਾਮਸੋਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਵਾਗਤ ਕੀਤਾ ਗਿਆ ਸੀ, ਉੱਥੇ ਹੀ ਅੱਜ ਹਲਕਾ ਫਤਹਿਗੜ੍ਹ ਸਾਹਿਬ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿਚ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅਮਰਿੰਦਰ ਸਿੰਘ ਲਿਬੜਾ, ਸਾਬਕਾ ਚੇਅਰਮੈਨ ਜਥੇਦਾਰ ਹਰਭਜਨ ਸਿੰਘ ਚਨਾਰਥਲ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸਰਨਜੀਤ ਸਿੰਘ ਚਨਾਰਥਲ, ਮਹਿੰਦਰ ਸਿੰਘ ਬਾਗੜੀਆਂ, ਦਿਲਬਾਗ ਸਿੰਘ ਬਾਘਾ, ਕੰਵਰ ਹਰਪ੍ਰੀਤ ਸਿੰਘ ਕਾਕਾ ਜੀ ਰਾਜਿੰਦਰ ਨਗਰ ਬੈਂ, ਸੁਖਵਿੰਦਰ ਸਿੰਘ ਬਾਗੜੀਆਂ, ਜੈ ਰਾਮ ਸਿੰਘ ਰੁੜਕੀ, ਕੁਲਦੀਪ ਸਿੰਘ ਪੋਲਾ ਵੱਲੋਂ ਵੀ ਸਾਂਝੇ ਤੌਰ ਤੇ ਸਿਰੋਪਾਓ ਦੇ ਕੇ ਇੰਦਰ ਸਿੰਘ ਨਾਮਸੋਤ ਦਾ ਪਾਰਟੀ ਵਿੱਚ ਜੀ ਆਇਆਂ ਆਖਿਆ ਗਿਆ । ਇਸ ਮੌਕੇ ਬੋਲਦਿਆਂ ਇੰਦਰ ਸਿੰਘ ਨਾਮਸੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੇਵਲ ਪੈਸੇ ਵਾਲਿਆਂ ਦਾ ਹੀ ਬੋਲਬਾਲਾ ਹੈ ਜਦੋਂਕਿ ਕਿਸੇ ਵੀ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਨੂੰ ਕੋਈ ਨੁਮਾਇੰਦਗੀ ਤੱਕ ਨਹੀਂ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਸ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਚੱਲ ਰਹੇ ਹੁਕਮਾਂ ਅਤੇ ਨਾਦਰਸ਼ਾਹੀ ਰਵੱਈਏ ਕਾਰਨ ਉਹ ਆਪ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮਿਹਨਤਕਸ਼ ਲੋਕਾਂ ਦੀ ਪਾਰਟੀ ਹੈ, ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ । ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਹਲਕਾ ਉਮੀਦਵਾਰ ਜਗਦੀਪ ਸਿੰਘ ਚੀਮਾ ਨੂੰ ਇਸ ਹਲਕੇ ਤੋਂ ਜਿਤਾਉਣ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਨਾਲ ਜੋੜਣਗੇ । ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅੱਜ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਪੱਧਰ ਤੇ ਮਜ਼ਬੂਤੀ ਮਿਲ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਤੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ ।