ਕ੍ਰਿਸ਼ੀ ਵਿਗਿਆਨ ਕੇਂਦਰ ਨੇ ਸਰਕਾਰੀ ਸੀ.ਸੈ.ਸਕੂਲ ਕਲਿਆਣ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ

Shiv Kumar:
ਪਟਿਆਲਾ, 21 ਅਕਤੂਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ, ਪਟਿਆਲਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਦੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲੇਖ ਰਚਨਾ, ਸਲੋਗਨ ਰਚਨਾ, ਭਾਸ਼ਣ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ। ਸੈਮੀਨਾਰ ਦੇ ਅਰੰਭ ਵਿਚ ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਪਹੁੰਚੇ ਮਾਹਿਰਾਂ ਦਾ ਸਵਾਗਤ ਕਰਦੇ ਹੋਏ, ਪਰਾਲੀ ਦੀ ਸੰਭਾਲ ਅਤੇ ਵਿਗੜ ਰਹੇ ਵਾਤਾਵਰਨ ਦੀ ਸਮੱਸਿਆ ਦੇ ਹੱਲ ਲਈ ਸਭ ਨੂੰ ਪ੍ਰੇਰਿਤ ਕੀਤਾ।
ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਵਿਪਨ ਕੁਮਾਰ ਰਾਮਪਾਲ, ਸਹਾਇਕ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਸਮੇਂA ਦੀ ਲੋੜ ਅਨੁਸਾਰ ਵਾਤਾਵਰਨ ਨੂੰ ਬਚਾਉਣ ਲਈ ਖੇਤੀਬਾੜੀ ਦੇ ਢੰਗਾਂ ਵਿਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ। ਡਾ ਗੁਰਉਪਦੇਸ਼ ਕੌਰ, ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਵਿਦਿਆਰਥੀਆਂ ਨੂੰ ਕਿਤਾ ਮੁਖੀ ਸਿਖਲਾਈ ਕੋਰਸਾਂ ਵਿਚ ਭਾਗ ਲੈਣ ਲਈ ਅਤੇ ਵਾਤਾਵਰਨ ਸੰਭਾਲ ਲਈ ਉਤਸ਼ਾਹਿਤ ਕੀਤਾ।
ਡਾ ਗੁਰਨਾਜ ਸਿੰਘ ਗਿੱਲ, ਸਹਾਇਕ ਪ੍ਰੋਫੈਸਰ (ਭੋਜਨ ਪ੍ਰੋਸੈਸਿੰਗ) ਨੇ ਝੋਨੇ ਦੀ ਪਰਾਲੀ ਲਈ ਵਰਤੀ ਜਾਂਦੀ ਮਸ਼ੀਨਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਵੋਕੇਸ਼ਨਲ ਅਧਿਆਪਕਾਂ ਸ਼੍ਰੀਮਤੀ ਅਰਪਨਜੋਤ ਕੌਰ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਰਵਾਏ ਗਏ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਦਾ ਸੰਚਾਲਨ ਡਾ ਜਸਵਿੰਦਰ ਸਿੰਘ, ਲੈਕਚਰਾਰ ਭੌਤਿਕ ਵਿਗਿਆਨ ਵੱਲੋਂ ਬਾਖੂਬੀ ਕੀਤਾ ਗਿਆ। ਆਖ਼ਿਰ ਵਿਚ ਸ਼੍ਰੀਮਤੀ ਬਲਜੀਤ ਕੌਰ ਨੇ ਪਹੁੰਚੇ ਮਾਹਿਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਇਹਨਾਂ ਮੁਕਾਬਲਿਆਂ ਦੇ ਵਿਚ ਜੈਸਮੀਨ ਕੌਰ, ਗੁਰਸ਼ਰਨਜੀਤ ਕੌਰ, ਜਸਪ੍ਰੀਤ ਸਿੰਘ, ਤਰੁਣਜੋਤ ਕੌਰ, ਸਿਮਰਨ, ਖੁਸ਼ਪ੍ਰੀਤ ਕੌਰ, ਕਿਰਨਦੀਪ ਕੌਰ, ਹਰਮਨ ਕੌਰ, ਲਵਪ੍ਰੀਤ ਸਿੰਘ, ਲਵਸ਼ਿਖਾ, ਮਾਨਕਵੀਰ ਸਿੰਘ, ਸੰਜਨਾ, ਕਾਜਲ, ਅੰਸ਼ੂ ਅਤੇ ਮਹਿਕਪ੍ਰੀਤ ਕੌਰ ਨੇ ਬਾਜੀ ਮਾਰੀ ਅਤੇ ਵੱਖ ਵੱਖ ਇਨਾਮ ਜਿੱਤੇ। ਇਸ ਮੌਕੇ ਸ਼੍ਰੀਮਤੀ ਚਰਨਜੀਤ ਕੌਰ, ਸ਼੍ਰੀਮਤੀ ਅੰਜਨਾ ਜੋਸ਼ੀ, ਸ਼੍ਰੀ ਗੁਰਬਸ਼ੀਸ਼ ਸਿੰਘ, ਸ਼੍ਰੀਮਤੀ ਰਜਨੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।