ਬਿਜਲੀ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
By: Suman Sidhu
ਆਮ ਆਦਮੀ ਪਾਰਟੀ ਦੀ ਮੁਫ਼ਤ ਬਿਜਲੀ ਗਰੰਟੀ ਦੀ ਨਿਕਲੀ ਹਵਾ — ਕਾਕਾ
ਪਟਿਆਲਾ : ਹਾਲ ਵਿੱਚ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕੀਤੇ ਵਾਅਦੇ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਂਦਿਆ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਭਲਾਈ ਲਈ ਅਨੇਕਾਂ ਵਾਅਦੇ ਕੀਤੇ ਸੀ ਜਿਨ੍ਹਾਂ ਵਿੱਚ 300 ਯੂਨਿਟ ਮੁਫ਼ਤ ਬਿਜਲੀ ਹਰ ਘਰ ਦੇਣ ਦਾ ਇੱਕ ਅਜਿਹਾ ਵਾਅਦਾ ਸੀ ਜਿਸ ਤੇ ਭਰੋਸਾ ਕਰ ਲੋਕਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਰ ਹੁਣ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਦੇ ਜਖਮਾਂ ਤੇ ਲੁੂਣ ਛਿੜਕਣ ਵਾਲਾ ਕੰਮ ਕਰਕੇ ਪੰਜਾਬ ਸਰਕਾਰ ਨੇ ਆਮ ਲੋਕਾਂ ਦੇ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਰਕਾਰ ਦੀਆਂ ਅਜਿਹੀਆਂ ਲੋਕਾ ਮਾਰੂ ਨੀਤੀਆਂ ਆਮ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨ ਦਾ ਕੰਮ ਕਰ ਰਹੀਆਂ ਹਨ। ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਭਰੋਸਾ ਟੁੱਟਦਾ ਹੀ ਜਾ ਰਿਹਾ ਹੈ ਤੇ ਲੋਕ ਖੁੱਦ ਨੂੰ ਗੁੰਮਰਾਹ ਅਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸਸਤੀ ਬਿਜਲੀ ਦੇਣ ਦਾ ਵਾਅਦਾ ਕਰਕੇ ਉਲਟਾ ਬਿਜਲੀ ਹੋਰ ਮਹਿੰਗੀ ਕਰ ਦਿੱਤੀ, ਮਹਿੰਗੀ ਬਿਜਲੀ ਕਰਕੇ ਇੰਡਸਟਰੀਆਂ ਦੂਜੇ ਸੂਬਿਆਂ ਵਿੱਚ ਜਾਣ ਲਈ ਤਿਆਰ ਹਨ ਇੱਕ ਤਾਂ ਪਹਿਲਾ ਹੀ ਪੰਜਾਬ ਵਿੱਚ ਬੇਰੋਜਗਾਰੀ ਹੈ ਜੇਕਰ ਉਦਯੋਗ ਬਾਹਰ ਚਲੇ ਗਏ ਤਾਂ ਬੇਰੋਜਗਾਰਾਂ ਦੀ ਗਿਣਤੀ ਵਿੱਚ ਹੋਰ ਭਾਰੀ ਵਾਧਾ ਹੋਵੇਗਾ। ਮਾਨ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਇਹ ਵਾਅਦਾ ਵੀ ਕੀਤਾ ਸੀ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਸਮਝੌਤੇ ਰੱਦ ਕੀਤੇ ਜਾਣਗੇ। ਸਰਕਾਰ ਬਣੀ ਨੂੰ 14 ਮਹੀਨੇ ਬੀਤ ਚੁੱਕੇ ਹਨ ਬਿਜਲੀ ਸਮਝੌਤੇ ਕਿਉਂ ਨਹੀਂ ਰੱਦ ਕੀਤੇ ਗਏ ਇਹ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਨੀਤੀ ਤੇ ਚਲ ਰਹੀ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਲਟਾ ਉਹਨਾਂ ਤੇ ਵਾਧੂ ਦਾ ਬੋਝ ਪਾ ਦਿੱਤਾ ਹੈ। ਮੁਫ਼ਤ ਬਿਜਲੀ ਦੇਣ ਦੇ ਨਾ ਤੇ ਕਦੇ ਰਜਿਸਟਰੀਆਂ, ਪੈਟਰੋਲ, ਡੀਜਲ ਅਤੇ ਬਿਜਲੀ ਆਦਿ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਮੁਫ਼ਤ ਬਿਜਲੀ ਗਰੰਟੀ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਜੇਕਰ ਬਿਜਲੀ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਜਲਦ ਵਾਪਸ ਨਾ ਲਿਆ ਗਿਆ ਤਾਂ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ । ਇਸ ਮੌਕੇ ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਮਜੀਤ ਸਿੰਘ, ਮਹਿੰਦਰ ਸਿੰਘ, ਨਰਿੰਦਰਪਾਲ ਸਿੰਘ, ਜਗਤਾਰ ਸਿੰਘ, ਤਰੁਣ ਕੁਮਾਰ, ਰਮਜਾਨ ਖਾਨ, ਜਮੀਲ ਖਾਨ, ਮਹਿੰਦੀ ਹਸਨ, ਚਰਨਜੀਤ ਸਿੰਘ, ਜੋਰਾ ਸਿੰਘ, ਹੈਪੀ ਸਿੰਘ, ਸੁਸ਼ੀਲ ਕੁਮਾਰ, ਰਸ਼ਪਾਲ ਸਿੰਘ, ਕਰਮ ਸਿੰਘ ਆਦਿ ਹਾਜਰ ਸਨ।