Punjab-ChandigarhTop NewsUncategorized

ਆਮ ਆਦਮੀ ਕਲੀਨਿਕਾਂ ’ਚ ਤਾਇਨਾਤੀ ਲਈ ਡਾਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪਟਿਆਲਾ 13 ਜੂਨ:
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਇਮਪੈਨਲਡ ਕੀਤੇ ਡਾਕਟਰਾਂ ਨੂੰ ਸਿਵਲ ਸਰਜਨ ਡਾਕਟਰ ਰਮਿੰਦਰ ਕੌਰ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।
  ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ  ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਭੇਜੀ 35 ਡਾਕਟਰਾਂ ਦੀ ਸੂਚੀ ਵਿਚੋਂ 16 ਡਾਕਟਰਾਂ ਨੇ ਅੱਜ ਦਫ਼ਤਰ ਵਿੱਚ ਪਹੁੰਚ ਕੇ ਆਪਣੇ ਨਿਯੁਕਤੀ ਪੱਤਰ ਹਾਸਲ ਕਰ ਲਏ ਹਨ।
  ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਡਿਊਟੀ ਪੂਰੀ ਲਗਨ ਤੇ ਮਿਹਨਤ ਨਾਲ ਕਰਨ ਲਈ ਕਿਹਾ। ਉਹਨਾਂ ਸਮੂਹ ਡਾਕਟਰਾਂ ਨੂੰ ਕਿਹਾ ਕਿ ਮਰੀਜ਼ਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਵਰਤੀ ਜਾਵੇ ਅਤੇ ਜੇਕਰ ਕਿਸੇ ਹੋਰ ਸਿਖਲਾਈ ਦੀ ਜ਼ਰੂਰਤ ਹੈ ਤਾਂ ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਨਾਲ ਤਾਲਮੇਲ ਕੀਤਾ ਜਾਵੇ।  
  ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 45 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ। ਜਿਸ ਵਿੱਚੋਂ 09 ਆਮ ਆਦਮੀ ਕਲੀਨਿਕਾਂ ਵਿੱਚ ਪਹਿਲਾ ਹੀ ਇੰਮਪੈਨਲਡ ਡਾਕਟਰ ਤਾਇਨਾਤ ਹਨ ਅਤੇ ਹੁਣ 16 ਹੋਰ ਡਾਕਟਰਾਂ ਦੀ  ਨਿਯੁਕਤੀ ਹੋਣ ਨਾਲ ਜ਼ਿਲ੍ਹੇ ਵਿੱਚ ਕੁੱਲ 25 ਇੰਮਪੈਨਲਡ ਡਾਕਟਰਾਂ ਦੀ ਤਾਇਨਾਤੀ ਹੋ ਜਾਵੇਗੀ ਅਤੇ ਬਾਕੀ ਰਹਿੰਦੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਡਾਕਟਰਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਜਾਰੀ ਹੈ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਦ ਹੀ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।
  ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਐਚ.ਆਈ.ਐਮ.ਐਸ. ਕਵਿੰਦਰ ਸਿੰਘ ਵੱਲੋਂ ਇਹਨਾਂ ਡਾਕਟਰਾਂ ਨੂੰ ਮਰੀਜ਼ਾਂ ਦੀ ਆਨ ਲਾਈਨ ਐਂਟਰੀ ਕਰਨ ਦੀ ਵੀ ਸਿਖਲਾਈ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਤਿਕਾ ਗਰੋਵਰ, ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਅਰਬਨ ਕੁਆਰਡੀਨੇਟਰ ਮੈਡਮ ਹਰਸ਼ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button