Punjab-Chandigarh

ਪਟਿਆਲਾ ਦੇ ਬਾਸ਼ਿੰਦੇ ਦਿਲ ਦੇ ਖੁੱਲ੍ਹੇ, ਮਿਲਣਸਾਰ ਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਾਲੇ-ਚੰਦਰ ਗੈਂਦ

ਪਟਿਆਲਾ, 12 ਮਈ:
ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਉਘੇ ਸਮਾਜ ਸੇਵੀ ਹਰਬੰਸ ਸਿੰਘ ਆਹੂਜਾ ਦੇ ਜੀਵਨ ਬਿਰਤਾਂਤ ਨੂੰ ਬਿਆਨ ਕਰਦੀ ਅਤੇ ਮੈਡਮ ਅਮਰਜੀਤ ਸਾਹੀਵਾਲ ਵੱਲੋਂ ਸੰਪਾਦਤ ਪੁਸਤਕ ‘ਖ਼ੁਦਾਈ ਖ਼ਿਦਮਤਗਾਰ: ਹਰਬੰਸ ਸਿੰਘ ਆਹੂਜਾ’ ਪਟਿਆਲਾ ਦੀਆਂ ਨਾਮੀ ਸ਼ਖ਼ਸੀਅਤਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਚਿੰਤਕਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤੀ।
ਇਸ ਮੌਕੇ ਚੰਦਰ ਗੈਂਦ ਨੇ ਪੁਸਤਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ। ਉਨ੍ਹਾਂ ਨੇ ਪਟਿਆਲਾ ਦੇ ਵਸਨੀਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਥੋਂ ਦੇ ਬਾਸ਼ਿੰਦੇ ਦਿਲ ਦੇ ਖੁੱਲ੍ਹੇ, ਮਿਲਣਸਾਰ ਅਤੇ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਾਲੇ ਹਨ। ਉਨ੍ਹਾਂ ਉਮੀਦ ਜਤਾਈ ਮੈਡਮ ਅਮਰਜੀਤ ਸਾਹੀਵਾਲ ਦੀ ਕਲਮ ਇਸੇ ਤਰ੍ਹਾਂ ਹੀ ਸਮਾਜਿਕ ਸਰੋਕਾਰਾਂ ਬਾਬਤ ਲਿਖਦੇ ਰਹਿਣਗੇ।
ਇਸ ਤੋਂ ਪਹਿਲਾਂ ਮੈਡਮ ਅਮਰਜੀਤ ਸਾਹੀਵਾਲ ਨੇ ਪੁਸਤਕ ਨੂੰ ਲਿਖਣ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਘੇ ਸਮਾਜ ਸੇਵੀ ਹਰਬੰਸ ਸਿੰਘ ਆਹੂਜਾ, ਉਨ੍ਹਾਂ ਦੇ ਭਰਾ ਹਨ ਅਤੇ ਉਨ੍ਹਾਂ ਦਾ ਜੀਵਨ ਮੇਰੇ ਸਮੇਤ ਹੋਰ ਬਹੁਤ ਸਾਰੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਰਿਹਾ ਹੈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਮਰਜੀਤ ਕੌਰ ਸਾਹੀਵਾਲ ਨੇ ਆਪਣੇ ਮਰਹੂਮ ਪਤੀ ਮਨਜੀਤ ਸਿੰਘ ਸਾਹੀਵਾਲ ਦੀ ਸੋਚ ਨੂੰ ਨੇਪਰੇ ਚੜ੍ਹਾਉਣ ਹਿਤ ਅਜਿਹੀ ਯਾਦਗਾਰੀ ਪੁਸਤਿਕਾ (ਕਾਫ਼ੀ ਟੇਬਲ ਬੁੱਕ) ‘ਖੁਦਾਈ ਖ਼ਿਦਮਦਗਾਰ’ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾਈ ਹੈ ਜੋ ਉਸਦੇ ਵੱਡੇ ਭਰਾ ਸਵਰਗੀ ਹਰਬੰਸ ਸਿੰਘ ਆਹੂਜਾ ਦੀ ਸਦੀਵੀ ਯਾਦ ਨੂੰ ਬਰਕਰਾਰ ਕਰਨ ਵਿਚ ਅਹਿਮ ਭੂਮਿਕਾ ਨਿਭਾ ਕੇ ਪੁਰਾਣੇ ਪਰਪੱਕ ਰਿਸ਼ਤਿਆਂ ਦੀ ਸਾਂਝ ਨੂੰ ਪੱਕਿਆਂ ਦਰਸਾਉਣ ਦੀ ਸਫਲ ਕੋਸ਼ਿਸ਼ ਹੈ।
ਬੁਲਾਰਿਆਂ ਮੁਤਾਬਕ ਹਿੰਦੀ ਤੇ ਪੰਜਾਬੀ ਵਿਚ ਅਜਿਹੀਆਂ ਕੁੱਝ ਕੁ ਪੁਸਤਕਾਂ ਉਪਲਬੱਧ ਹਨ, ਜਿਨ੍ਹਾਂ ਵਿਚ ਮਰ ਖੱਪ ਗਏ ਨਜ਼ਦੀਕੀ ਪਰਿਵਾਰਕ ਰਿਸ਼ਤਿਆਂ ਦੀ ਯਾਦ ਨੂੰ ਸੰਜੋਇਆ ਗਿਆ ਹੈ ਪਰ ਜਿਹੜੀ ਪੁਸਤਕ ‘ਖੁਦਾਈ ਖ਼ਿਦਮਤਗਾਰ’ ਉਪਲਬੱਧ ਹੋ ਰਹੀ ਹੈ ਵਿਚ ਭੈਣ ਦਾ ਬੜਾ ਮਿੱਠਾ ਸਨੇਹ ਪਿਆਰ ਵੇਖਣ ਨੂੰ ਮਿਲਦਾ ਹੈ। ਜਿਕਰਯੋਗ ਹੈ ਕਿ ਅਮਰਜੀਤ ਸਾਹੀਵਾਲ, ਪੱਤਰਕਾਰਿਤਾ, ਰੇਡੀਓ ਸਟੇਸ਼ਨ ਦੂਰਦਰਸ਼ਨ ਤੋਂ ਉਚੇ ਅਹੁਦੇ ਦੀਆਂ ਅਣਥਕ ਸੇਵਾਵਾਂ ਤੋਂ ਮੁਕਤ ਹੋ ਕੇ ਆਪਣੇ ਪਤੀ ਦੇਵ ਦੀ ਸੋਚ ਨੂੰ ਮੁੱਖ ਰੱਖਦਿਆਂ ਆਪਣੇ ਵੀਰ ਹਰਬੰਸ ਸਿੰਘ ਆਹੂਜਾ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਮਾਜ ਸੇਵਾ ਨੂੰ ਸਮਰਪਿਤ ਹੋ ਗਈ ਹੈ।
ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਤੋਂ ਇਲਾਵਾ ਨਾਮੀ ਕਾਰੋਬਾਰੀ ਗੁਰਜੀਤ ਸਿੰਘ ਸਾਹਨੀ, ਲੇਖਕ, ਕਵੀ ਅਤੇ ਅੰਗਰੇਜੀ ਦੇ ਵਿਦਵਾਨ ਪ੍ਰੋ. ਸੁਭਾਸ਼ ਸ਼ਰਮਾ, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਅਤੇ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਦੇ ਪ੍ਰਧਾਨ ਡਾ. ਮਦਨ ਲਾਲ ਹਸੀਜਾ, ਲੇਖਕ ਤੇ ਵਿਸ਼ਲੇਸ਼ਕ ਐਸ. ਐਸ. ਨੰਦਾ, ਜਨਹਿਤ ਸੰਮਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ, ਸ਼ਵਿੰਦਰ ਸਿੰਘ ਛਾਬੜਾ, ਮਹਾਰਾਣੀ ਕਲੱਬ ਦੀ ਪ੍ਰਧਾਨ ਪਿੰਕੀ ਚੰਨੀ, ਸ਼ੁਭਚਿੰਤ ਸੋਢੀ, ਕਦੰਬਰੀ ਮਿੱਤਲ, ਰੂਬੀ ਸਾਹਨੀ, ਮਦਨ ਲਾਲ ਵਰਮਾ, ਨੀਲਮ ਵਰਮਾ, ਡਾ. ਅਮਰਜੀਤ ਰੇਖੀ, ਡਾ. ਸੁਭਾਸ਼ ਆਨੰਦ, ਡਾ. ਰੇਖਾ ਆਨੰਦ, ਸਾਹਬ ਸਿੰਘ, ਨਰਿੰਦਰ ਸਿੰਘ ਨਾਗਪਾਲ, ਬਲਜਿੰਦਰ ਸ਼ਰਮਾ, ਜਤਵਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button