ਬਾਗਬਾਨੀ ਵਿਭਾਗ ਵੱਲੋਂ ਲਗਾਏ ਜਾਣਗੇ ਸਕੂਲਾਂ ਵਿੱਚ ਫਲਦਾਰ ਬੂਟੇ
ਪਟਿਆਲਾ, 14 ਜੁਲਾਈ:
ਪਟਿਆਲਾ ਜ਼ਿਲ੍ਹੇ ਵਿਚਲੇ ਸਾਰੇ ਸਰਕਾਰੀ ਸਕੂਲਾਂ ਵਿੱਚ ਇੱਕੋ ਸਮੇਂ 10 ਹਜ਼ਾਰ ਫਲਦਾਰ ਬੂਟੇ 15 ਜੁਲਾਈ ਨੂੰ ਲਗਾਏ ਜਾ ਰਹੇ ਹਨ। ਬਾਗਬਾਨੀ ਮੰਤਰੀ ਫੋਜਾ ਸਿੰਘ ਸਰਾਰੀ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਇਸ ਮੁਹਿੰਮ ਦੀ ਸ਼ੁਰੂਆਤ ਮੋਹਾਲੀ ਵਿਖੇ ਅੱਜ ਕੀਤੀ ਜਾਵੇਗੀ ਜਿਸ ਦਾ ਲਾਈਵ ਪ੍ਰਸਾਰਨ ਵੈਬੀਨਾਰ ਅਤੇ ਯੂਟਿਊਬ ਰਾਹੀਂ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਨਰਿੰਦਰਬੀਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਪਟਿਆਲਾ ਵੱਲੋਂ ਪਹਿਲੇ ਗੇੜ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਾਰੇ ਐਲੀਮੈਂਟਰੀ ਸਕੂਲਾਂ ਵਿੱਚ ਬੂਟੇ ਪਹੁੰਚਾ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਰਕਾਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਫਲਦਾਰ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਅਤੇ ਐਲੀਮੈਂਟਰੀ ਜ਼ਿਲ੍ਹਾ ਪਟਿਆਲਾ ਦੇ ਸਹਿਯੋਗ ਨਾਲ ਸਮੂਹ ਸਕੂਲਾਂ ਦੀ ਸ਼ਮੂਲੀਅਤ ਨਾਲ ਇਹ ਬੂਟੇ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਅਧਿਆਪਕਾਂ ਨੂੰ ਵੱਟਸਐਪ ਗਰੁੱਪ ਰਾਹ ਜੋੜ ਕੇ ਬੂਟੇ ਲਗਾਉਣ ਦੇ ਪ੍ਰੋਗਰਾਮ ਦੀ ਕਵਰੇਜ ਵੈਬੀਨਾਰ ਰਾਹੀਂ ਕੀਤੀ ਜਾਵੇਗੀ। ਬਾਗਬਾਨੀ ਅਫ਼ਸਰ ਪਟਿਆਲਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਇਹਨਾਂ ਬੂਟਿਆਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਅਤੇ ਬਾਗਬਾਨੀ ਵਿਭਾਗ ਵੱਲੋਂ ਬੂਟਿਆਂ ਦੀ ਦੇਖ-ਰੇਖ ਕਰਵਾਈ ਜਾਵੇਗੀ।