ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਸ਼ੁਰੂ ਕੀਤੀ ਗਈ ਸੌ ਭਾਸ਼ਣਾਂ ਦੀ ਲੜੀ
Ajay Verma ( The Mirror Time )
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਸੌ ਵਿਸ਼ੇਸ਼ ਭਾਸ਼ਣਾਂ ਦੀ ਲੜੀ ਸ਼ੁਰੂ ਕੀਤੀ ਗਈ। ਇਸ ਸਬੰਧੀ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਅਧਿਐਨ, ਖੋਜ ਅਤੇ ਪ੍ਰਚਾਰ ਪ੍ਰਸਾਰ ਇਸ ਯੂਨੀਵਰਸਿਟੀ ਦੇ ਮੂਲ ਉਦੇਸ਼ਾਂ ਵਿੱਚ ਸ਼ਾਮਿਲ ਹਨ। ਸੋਸ਼ਲ ਮੀਡੀਆ ਦੇ ਵੱਧ ਰਹੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਸਮੁੱਚੇ ਵਿਸ਼ਵ ਵਿੱਚ ਫੈਲੇ ਸਿੱਖ ਭਾਈਚਾਰੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਭਿੰਨ ਪੱਖਾਂ ਬਾਰੇ ਮਿਆਰੀ ਅਤੇ ਸਟੀਕ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਧਰਮ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਭਾਸ਼ਣ ਲੜੀ ਨੂੰ ‘ਧੁਰ ਕੀ ਬਾਣੀ’ ਯੂਟੀਊਬ ਚੈਨਲ ਰਾਹੀਂ ਵਿਸ਼ਵ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਇਹ ਸਾਰੇ ਭਾਸ਼ਣ ਪੰਜਾਬੀ ਮਾਧਿਅਮ ਵਿੱਚ ਹੋਣਗੇ ਜਦ ਕਿ ਬਾਅਦ ਵਿੱਚ ਇਹਨਾਂ ਨੂੰ ਵਿਸ਼ਵ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਜਾਵੇਗਾ।
ਇਸ ਭਾਸ਼ਨ ਲੜੀ ਦੇ ਪਹਿਲੇ ਮੁੱਖ ਵਕਤਾ ਵਜੋਂ ਪਹੁੰਚੇ ਪ੍ਰੋਫੈਸਰ ਸਰਬਜਿੰਦਰ ਸਿੰਘ, ਡੀਨ ਫੈਕਲਟੀ, ਹਿਊਮਨਿਟੀਜ ਐਂਡ ਰਿਲੀਜਸ ਸਟਡੀਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਖਿਆ ਕਿ ਵਰਲਡ ਯੂਨੀਵਰਸਿਟੀ ਦਾ ਇਹ ਉਪਰਾਲਾ ਬੇਹਦ ਮਹੱਤਵਪੂਰਨ ਅਤੇ ਸ਼ਲਾਘਾਯੋਗ ਹੈ। ‘ਧੁਰ ਕੀ ਬਾਣੀ ਦਾ ਅਵਤਰਨ’ ਵਿਸ਼ੇ ਰਾਹੀਂ ਭਾਸ਼ਣ ਲੜੀ ਦੀ ਸ਼ੁਰੂਆਤ ਕਰਦਿਆਂ ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਆਖਿਆ ਕਿ ਵਿਸ਼ਵ ਦੇ ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਇੱਕ ਵਿਲੱਖਣ ਸਥਾਨ ਅਤੇ ਮਹਾਤਮ ਹੈ।
ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ ਹਰਦੇਵ ਸਿੰਘ ਨੇ ਦੱਸਿਆ ਕਿ ਇਸ ਭਾਸ਼ਣ ਲੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀਅਤ, ਬਾਣੀ ਦਾ ਪ੍ਰਗਟਾਵਾ, ਸੰਕਲਨ, ਬਾਣੀਕਾਰ, ਰਾਗ ਪ੍ਰਬੰਧ, ਦਰਸ਼ਨ, ਵਿਆਖਿਆ ਪ੍ਰਣਾਲੀਆਂ ਅਤੇ ਵਿਭਿੰਨ ਸਮਾਜ ਸ਼ਾਸਤਰੀ ਸਰੋਕਾਰਾਂ ਬਾਰੇ ਅਕਾਦਮਿਕ ਜਗਤ ਅਤੇ ਸਿੱਖ ਪੰਥ ਦੀਆਂ ਵਿਦਵਾਨ ਸ਼ਖਸੀਅਤਾਂ ਪਾਸੋਂ ਸੌ ਭਾਸ਼ਣ ਕਰਵਾਏ ਜਾਣਗੇ। ਉਹਨਾਂ ਆਖਿਆ ਕਿ ਇਹ ਭਾਸ਼ਣ ਸਿੱਖ ਸੰਗਤਾਂ ਅਤੇ ਖੋਜੀ ਵਿਦਵਾਨਾਂ ਦੀ ਲੋੜ ਨੂੰ ਸਾਂਝੇ ਰੂਪ ਵਿੱਚ ਪੂਰਾ ਕਰਨਗੇ। ਉਹਨਾਂ ਨੇ ਵਾਈਸ ਚਾਂਸਲਰ ਅਤੇ ਵਿਦਵਾਨ ਵਕਤਾ ਪ੍ਰੋਫੈਸਰ ਸਰਬਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕੇ ਇਸ ਕਾਰਜ ਲਈ ਸਮੁੱਚੇ ਅਕਾਦਮਿਕ ਜਗਤ ਅਤੇ ਖਾਲਸਾ ਪੰਥ ਵੱਲੋਂ ਵਿਭਾਗ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਡਿਪਟੀ ਰਜਿਸਟਰਾਰ ਲੇਖਾ ਸ਼ਾਖਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।