ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਜੁੜਕੇ ਨੌਜਵਾਨ ਹੁਨਰਮੰਦ ਬਣਕੇ ਸਵੈ-ਰੋਜ਼ਗਾਰ ਦੇ ਯੋਗ ਬਣੇ-ਗੌਤਮ ਜੈਨ
Shiv Kumar:
ਰਾਜਪੁਰਾ, 18 ਨਵੰਬਰ: ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਕੌਮੀ ਹੁਨਰ ਵਿਕਾਸ ਕੌਂਸਲ (ਐਨ.ਐਸ.ਡੀ.ਸੀ.), ਇੰਡੀਅਨ ਪਲੰਬਿੰਗ ਸਕਿੱਲ ਕੌਂਸਲ (ਆਈ.ਪੀ.ਐਸ.ਸੀ.), ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ (ਪੀ.ਐਸ.ਡੀ.ਐਮ.) ਅਤੇ ਆਟੋਮੋਟਿਵ ਸਕਿੱਲ ਵਿਕਾਸ ਕੌਂਸਲ (ਏ.ਐਸ.ਡੀ.ਸੀ.) ਦੇ ਸਹਿਯੋਗ ਨਾਲ ਇੰਡੀਆ ਸਕਿੱਲਜ਼ ਤਹਿਤ ਚਿਤਕਾਰਾ ਯੂਨੀਵਰਸਿਟੀ ਵਿਖੇ ਹੁਨਰ ‘ਤੇ ਅਧਾਰਤ 15 ਤੋਂ 17 ਨਵੰਬਰ ਤੱਕ ਉਤਰ ਖੇਤਰੀ ਮੁਕਾਬਲਾ ਕਰਵਾਇਆ ਗਿਆ।
ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਕਾਰੋਬਾਰੀਆਂ ਅਤੇ ਸਨਅਤਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਮਨੁੱਖੀ ਸ਼ਕਤੀ ਮੁਹੱਈਆ ਕਰਵਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਚਲਾਇਆ ਜਾ ਰਿਹਾ ਹੈ। ਇਸ ਮਿਸ਼ਨ ਨਾਲ ਜੁੜੇ ਨੌਜਵਾਨ ਹੁਨਰਮੰਦ ਬਣਕੇ ਸਵੈਰੋਜ਼ਗਾਰ ਦੇ ਯੋਗ ਬਣ ਰਹੇ ਹਨ।
ਇਸੇ ਤਹਿਤ ਹੀ ਇੰਡੀਆ ਸਕਿਲਜ ਅਧੀਨ ਕਰਵਾਏ, ਇਸ ਮੈਗਾ ਈਵੈਂਟ ‘ਚ, ਪਲੰਬਿੰਗ, ਹੀਟਿੰਗ ਅਤੇ ਆਟੋਮੋਬਾਈਲ ਟੈਕਨਾਲੋਜੀ ‘ਤੇ ਆਧਾਰਿਤ ਦੋ ਹੁਨਰ ਮੁਕਾਬਲੇ ਕਰਵਾਏ ਗਏ ਜਿਸ ‘ਚ ਕ੍ਰਮਵਾਰ 8 ਤੇ 9 ਉਮੀਦਵਾਰਾਂ ਨੇ ਭਾਗ ਲਿਆ, ਜ਼ਿਨ੍ਹਾਂ ਦੇ ਕੰਮਾਂ ਦੀ ਨਿਗਰਾਨੀ ਕਰਨ ਲਈ 4 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਵਿਦਿਆਰਥੀਆਂ ਦੇ ਹੁਨਰ ਨੂੰ ਇੰਡੀਆ ਸਕਿੱਲਜ਼ ਦੁਆਰਾ ਨਿਰਧਾਰਿਤ ਮਾਪਦੰਡਾਂ ‘ਤੇ ਪਰਖਿਆ ਗਿਆ, ਜਿਸ ਲਈ ਕੌਮੀ ਉਦਯੋਗਿਕ ਮਾਹਿਰ ਜਿਊਰੀ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤੋਂ ਉਪਕਾਰ ਸਿੰਘ ਮੌਜੂਦ ਰਹੀ।
ਸ੍ਰੀ ਗੌਤਮ ਜੈਨ ਨੇ ਅੱਗੇ ਦੱਸਿਆ ਕਿ ਪਲੰਬਿੰਗ ਤੇ ਹੀਟਿੰਗ ਮੁਕਾਬਲੇ ਵਿੱਚ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੜੀਸਾ ਤੋਂ ਆਏ ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਮੁਕਾਬਲੇ ਤੋਂ ਪਹਿਲਾਂ ਪੜ੍ਹਨ ਤੇ ਸਮਝਣ ਲਈ ਡਰਾਇੰਗ ਪ੍ਰਦਾਨ ਕੀਤੀ ਗਈ ਸੀ ਤਾਂ ਜੋ ਉਹ ਸਮੱਗਰੀ ਦੀ ਕਿਸਮ ਦੀ ਚੋਣ ਕਰ ਸਕਣ ਅਤੇ ਪ੍ਰਦਾਨ ਡਰਾਇੰਗ ਅਨੁਸਾਰ ਲੋੜੀਂਦੇ ਫਿਕਸਚਰ ਦੀ ਗਿਣਤੀ ਅਤੇ ਇਸਦੀ ਕਿਸਮ ਦਾ ਅਨੁਮਾਨ ਲਗਾ ਸਕਣ। ਇਸ ਤਰ੍ਹਾਂ ਮੁਕਾਬਲੇ ‘ਚ ਹਿਸਾ ਲੈਣ ਵਾਲਿਆਂ ਨੂੰ ਸੀਪੀਵੀਸੀ, ਜੀਆਈ ਤੇ ਪੀਈਐਕਸ ਤੇ ਐਸ.ਡਬਲਿਊ.ਆਰ ਸਮੱਗਰੀ ਮੁਹਈਆ ਕਰਵਾਈ ਗਈ, ਜਿਸ ਨਾਲ ਉਨ੍ਹਾਂ ਨੇ ਡਰਾਇੰਗ ਤੋਂ ਪਲੰਬਿੰਗ ਓਪਰੇਸ਼ਨਾਂ ਨੂੰ ਚਲਾਉਣਾ ਸੀ।
ਇਸੇ ਤਰ੍ਹਾਂ ਆਟੋਮੋਬਾਈਲ ਤਕਨਾਲੋਜੀ ‘ਚ ਵੱਖ-ਵੱਖ ਰਾਜਾਂ ਦੇ ਹਿੱਸਾ ਲੈਣ ਵਾਲੇ 9 ਉਮੀਦਵਾਰਾਂ ਨੂੰ ਇੰਜਨ ਪ੍ਰਬੰਧਨ, ਬ੍ਰੇਕਿੰਗ ਸਿਸਟਮ, ਇਲੈਕਟ੍ਰੀਕਲ ਸਿਸਟਮ ਅਤੇ ਇੰਜਨ ਸਿਸਟਮ ‘ਚ ਨੁਕਸ ਕੱਢਣਾ ਦੇ ਚਾਰ ਓਪਰੇਸ਼ਨ ਕਰਨ ਲਈ ਕਿਹਾ ਗਿਆ।ਇੰਜਨ ਪ੍ਰਬੰਧਨ ਓਪਰੇਸ਼ਨ ‘ਚ ਭਾਗੀਦਾਰਾਂ ਨੇ ਇੰਜਣ ਕ੍ਰੈਂਕਿੰਗ ਪ੍ਰਣਾਲੀ ਅਤੇ ਬਾਲਣ ਪ੍ਰਣਾਲੀ ਦੀ ਜਾਂਚ ਕਰਨੀ ਸੀ।ਬ੍ਰੇਕਿੰਗ ਸਿਸਟਮ ‘ਚ ਬਰੇਕ ਪੈਡ ਦੀ ਮੋਟਾਈ ਅਤੇ ਬਰੇਕ ਡਿਸਕ ਰਾਊਟਰ ਤੋਂ ਬਾਹਰ ਨਿਕਲਣ ਨੂੰ ਮਾਪਣ ਲਈ ਕਿਹਾ ਗਿਆ ਸੀ ਅਤੇ ਇਲੈਕਟ੍ਰੀਕਲ ਸਿਸਟਮਾਂ ‘ਚ, ਕਾਰ ਦੇ ਇਲੈਕਟ੍ਰੀਕਲ ਸਿਸਟਮ ਦੀ ਨੁਕਸ ਲੱਭਣ ਸਮੇਤ ਇੰਜਣ ਦੀ ਓਵਰਹਾਲਿੰਗ, ਇੰਜਣ ਨੂੰ ਖੋਲ੍ਹਣਾ, ਇਸ ਦੀਆਂ ਸੈਟਿੰਗਾਂ ਸਮਾਂ ਤੇ ਇਸਦੀ ਫਿਟਿੰਗ ਸ਼ਾਮਲ ਸਨ, ਜਿਸ ਨੂੰ ਮੁਕਾਬਲੇ ‘ਚ ਹਿੱਸਾ ਲੈਣ ਵਾਲਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਮੁਕੰਮਲ ਕੀਤਾ।