26.85 ਕਰੋੜ ਰੁਪਏ ਦੇ ਸੀਵਰੇਜ ਤੇ ਪਾਣੀ ਪ੍ਰਾਜੈਕਟ ਦੀ ਸ਼ੁਰੂਆਤ ਸਮਾਣਾ ਸ਼ਹਿਰ ਲਈ ਵੱਡਾ ਤੋਹਫ਼ਾ-ਰਜਿੰਦਰ ਸਿੰਘ
Shiv Kumar:
ਸਮਾਣਾ, 17 ਨਵੰਬਰ: ਪੰਜਾਬ ਸਰਕਾਰ ਨੇ 26.85 ਕਰੋੜ ਰੁਪਏ ਦੇ ਸੀਵਰੇਜ ਤੇ ਪਾਣੀ ਦੇ ਵਿਕਾਸ ਪ੍ਰਾਜੈਕਟ ਮਨਜੂਰ ਕਰਕੇ ਸਮਾਣਾ ਸ਼ਹਿਰ ਦੇ ਵਸਨੀਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਹ ਪ੍ਰਗਟਾਵਾ ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਸਮਾਣਾ ਸ਼ਹਿਰ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ਼ਹਿਰ ‘ਚ 23 ਕਿਲੋਮੀਟਰ ਲੰਬੀਆਂ ਸੀਵਰੇਜ ਲਾਇਨਾਂ, 22 ਕਿਲੋਮੀਟਰ ਪਾਣੀ ਦੀਆਂ ਪਾਇਪ ਲਾਇਨਾਂ ਵਿਛਾਉਣ ਸਮੇਤ ਇੰਟਰਲਾਕਿੰਗ ਟਾਇਲਾਂ ਲਗਾਉਣ ਦੀ ਮਨਜੂਰੀ ਦਿੱਤੀ ਹੈ।
ਸ. ਰਜਿੰਦਰ ਸਿੰਘ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਸਮਾਣਾ ਦੇ ਕੰਮਾਂ ਲਈ ਮੁੱਖ ਮੰਤਰੀ ਨੂੰ 7 ਵਾਰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਹਾਂ ਪੱਖੀ ਹੁੰਗਾਰਾ ਭਰਦਿਆਂ ਸਾਰੇ ਪ੍ਰਾਜੈਕਟਾਂ ਨੂੰ ਤੁਰੰਤ ਮਨਜੂਰੀ ਦਿੱਤੀ। ਉਨ੍ਹਾਂ ਹੋਰ ਦੱਸਿਆ ਕਿ ਹਲਕੇ ‘ਚ 32 ਕਰੋੜ ਰੁਪਏ ਦੀਆਂ ਸੜਕਾਂ ਬਹੁਤ ਜਲਦ ਸ਼ੁਰੂ ਹੋ ਰਹੀਆਂ ਹਨ, ਪੁਲ ਤਿਆਰ ਹੈ ਤੇ ਸ਼ਹਿਰ ਦਾ ਬਾਈਪਾਸ ਦਾ ਕੰਮ ਵੀ ਜਲਦ ਮੁਕੰਮਲ ਕੀਤਾ ਜਾਵੇਗਾ। ਇਸ ਤਰ੍ਹਾਂ ਹਲਕੇ ‘ਚ ਇਸੇ ਮਹੀਨੇ ਕਰੀਬ 92 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਕੰਮ ਕੀਤਾ ਜਾ ਰਿਹਾ ਹੈ।
ਵਿਧਾਇਕ ਨੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਹੁਣ ਤੱਕ ਦਾ ਸਮਾਣਾ ਸ਼ਹਿਰ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ ਅਤੇ ਇਸ ਨੂੰ ਅਗਲੇ 6 ਮਹੀਨਿਆਂ ਦੇ ਮਿੱਥੇ ਸਮੇਂ ‘ਚ ਪੂਰਾ ਕਰਕੇ ਸ਼ਹਿਰ ਦੀ ਕਾਇਆਂ ਕਲਪ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵਾਰਡ ਨੰਬਰ 3 ਦੀ ਨਾਮਧਾਰੀ ਕਲੋਨੀ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਸ. ਰਜਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਇਕੱਲਾ ਸਮਾਣਾ ਹਲਕਾ ਹੀ ਇਕਲੌਤਾ ਹਲਕਾ ਹੈ, ਜਿੱਥੇ ਸਭ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਸ. ਰਜਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਉਭਾਰ ਸਮੇਂ ਸਮਾਣਾ ‘ਚ ਉਨ੍ਹਾਂ ਨੇ ਹਾਲਾਤ ਦੇਖੇ ਹਨ ਇਸ ਲਈ ਸ਼ਹਿਰ ਦੇ ਸਾਰੇ ਵਿਕਾਸ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾ ਰਹੇ ਹਨ। ਬੀਬਾ ਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਸ. ਰਜਿੰਦਰ ਸਿੰਘ ਨੇ ਪੂਰਾ ਕੀਤਾ ਹੈ, ਇਸ ਲਈ ਲੋਕ ਵਧਾਈ ਦੇ ਪਾਤਰ ਹਨ।
ਸ. ਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ, ਜਿਸ ਤੋਂ ਤਸਵੀਰ ਸਾਫ਼ ਹੈ ਕਿ ਰਾਜ ‘ਚ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੋਕ ਪਸੰਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਆਮ ਲੋਕਾਂ ਦੀ ਸਰਕਾਰ ਸਥਾਪਤ ਹੋ ਚੁੱਕੀ ਹੈ ਅਤੇ ਹਰ ਤਰ੍ਹਾਂ ਦੇ ਮਾਫੀਏ ਦਾ ਸਫ਼ਾਇਆ ਕਰ ਦਿੱਤਾ ਗਿਆ ਹੈ।
ਇਸ ਮੌਕੇ ਬੀਬਾ ਰਵਿੰਦਰ ਕੌਰ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਪ੍ਰਦੁਮਨ ਸਿੰਘ ਵਿਰਕ, ਚੇਅਰਮੈਨ ਇੰਪਰੂਵਮੈਂਟ ਟਰਸਟ ਸ਼ੰਕਰ ਜਿੰਦਲ, ਸ਼ਹਿਰੀ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਗਲਾ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਬਲਾਕ ਪ੍ਰਧਾਨ ਸ਼ਿਵ ਘੱਗਾ, ਰਤਨ ਸਿੰਘ ਚੀਮਾ, ਪੀ.ਏ. ਸਚਿਨ ਕੰਬੋਜ, ਡਾ. ਸਤਪਾਲ ਜੌਹਰੀ, ਰਾਜ ਸਚਦੇਵਾ, ਸਤਪਾਲ, ਵਾਰਡ ਦੇ ਕੌਂਸਲਰ ਰਿਤੂ ਸਿੰਗਲਾ, ਗਗਨ ਸਿੰਗਲਾ, ਰਜਿੰਦਰ ਬੱਲੀ, ਰਜੇਸ਼ ਜਿੰਦਲ, ਸੰਦੀਪ ਲੂੰਬਾ, ਗੌਰਵ ਗਰਗ, ਗੌਤਮ ਗਰਗ, ਸੁਖਵੀਰ ਲਹੌਰੀਆ, ਸਮਿਤ ਸ਼ੰਟੀ, ਗੌਪਾਲ ਸਿੰਘ, ਅਵਿਨਾਸ਼ ਡਾਂਗ, ਦੇਵਕੀ ਨੰਦਨ, ਹਨੀ ਕਾਂਸਲ, ਸੁਰਿੰਦਰ ਗਰਗ, ਹਰਿੰਦਰ ਭਟੇਜਾ, ਅਸ਼ਵਨੀ ਦਿਆਲਗੜ੍ਹ, ਮਾਸਟਰ ਭੁਪਿੰਦਰ ਸਿੰਘ, ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸ.ਡੀ.ਓ. ਏ.ਐਸ. ਖੁਰਾਣਾ, ਜੇ.ਈ. ਪ੍ਰਦੀਪ ਸਿੰਘ, ਐਸ.ਐਚ.ਓ. ਸਿਟੀ ਸੁਰਿੰਦਰ ਭੱਲਾ, ਇਲਾਕੇ ਦੇ ਕੌਂਸਲਰ ਅਤੇ ਹੋਰ ਪਤਵੰਤੇ ਮੌਜੂਦ ਸਨ।