ਸ਼ਹਿਰੀ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਟੀਮ ਵੱਲੋਂ ਵੋਟਰ ਸਾਖਰਤਾ ਮੁਹਿੰਮ ਜਾਰੀ
ਪਟਿਆਲਾ, 16 ਅਕਤੂਬਰ: ਜ਼ਿਲ੍ਹਾ ਪਟਿਆਲਾ ਦੇ ਚੋਣ ਦਫ਼ਤਰ ਵੱਲੋਂ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਅੰਕੜਿਆਂ ਨੂੰ ਦੇਖਦੇ ਹੋਏ ਸ਼ਹਿਰੀ ਖੇਤਰਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਸਵੀਪ ਟੀਮ ਵੱਲੋਂ ਦੁਸਹਿਰੇ ਮੌਕੇ ਦੁਸਹਿਰਾ ਗਰਾਊਂਡ ਅਰਬਨ ਅਸਟੇਟ ਪਟਿਆਲਾ ਵਿਖੇ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ।
ਕੈਂਪ ਦੌਰਾਨ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਸ਼ਹਿਰੀ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਪ੍ਰੇਰਿਤ ਕੀਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਵੀ ਉਤਸ਼ਾਹਿਤ ਕੀਤਾ। ਸ੍ਰੀ ਰਾਮ ਲੀਲਾ ਮਹਾਂਵੀਰ ਰਾਮ ਲੀਲਾ ਕਲੱਬ ਦੇ ਸਹਿਯੋਗ ਨਾਲ ਇਸ ਕੈਂਪ ਦਾ ਆਯੋਜਨ ਸਹਾਇਕ ਨੋਡਲ ਅਫ਼ਸਰ ਸਵੀਪ ਸਤਵੀਰ ਸਿੰਘ ਗਿੱਲ ਵੱਲੋਂ ਕੀਤਾ ਗਿਆ।
ਪ੍ਰੋ. ਅਨਟਾਲ ਨੇ ਆਨਲਾਈਨ ਵਿਧੀ ਰਾਹੀਂ ਵੋਟਾਂ ਬਣਾਉਣ, ਵੋਟਰ ਸਾਖਰਤਾ ਕਲੱਬਾਂ ਅਤੇ ਵੋਟਰ ਹੈਲਪ ਲਾਈਨ ਐਪ ਬਾਰੇ ਵੀ ਜਾਣਕਾਰੀ ਦਿੱਤੀ। ਉੱਘੇ ਸੂਫ਼ੀ ਗਾਇਕ ਮਾਣਕ ਅਲੀ ਅਤੇ ਲੋਕ ਗਾਇਕ ਵਿਜੈ ਯਮਲਾ ਨੇ ਵੀ ਸ਼ਹਿਰੀਆਂ ਨੂੰ ਚੋਣ ਪ੍ਰਣਾਲੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ੍ਰੀ ਮਹਾਂਵੀਰ ਕਲੱਬ ਦੇ ਪ੍ਰਧਾਨ ਸ਼ਿਵ ਰਾਮ ਫ਼ੌਜੀ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਕਲੱਬ ਵੱਲੋਂ ਨਵੰਬਰ ਮਹੀਨੇ ਲੱਗਣ ਵਾਲੇ ਵਿਸ਼ੇਸ਼ ਵੋਟਰ ਕੈਂਪਾਂ ਦੌਰਾਨ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਰਜਿਸਟਰਡ ਕਰਵਾਇਆ ਜਾਵੇਗਾ।