ਨਿਉ ਮਹਾਂਵੀਰ ਸੇਵਾ ਦਲ ਲਈ ਕਾਂਗਰਸ ਦਾ ਰਾਜ ਬਣਿਆ ਔਰੰਗਜੇਬ ਦਾ ਰਾਜ: ਅਕਾਸ ਬੋਕਸਰ
Patiala, 14 October: ਪਿਛਲੇ ਇੱਕ ਮਹੀਨੇ ਤੋਂ ਮਹਾਂਵੀਰ ਮੰਦਰ ਰਾਘੋਮਾਜਰਾ ਵਿਖੇ ਦੁਸ਼ਹਿਰਾ ਮਨਾਉਣ ਨੂੰ ਲੈ ਕੇ ਜਿਲਾ ਪ੍ਰਸਾਸ਼ਨ ਤੋਂ ਮਨਜੂਰੀ ਲੈਣ ਦੀ ਕੋਸ਼ਿਸ ਕਰ ਰਹੇ ਨਿਉ ਮਹਾਂਵੀਰ ਸੇਵਾ ਦਲ ਦੇ ਆਹੁਦੇਦਾਰਾਂ ਨੇ ਅੱਜ ਜੀ.ਏ. ਮੈਡਮ ਜਸਲੀਨ ਕੌਰ ਭੁੱਲਰ ਨੂੰ ਮੰਗ ਪੱਤਰ ਸੌਂਪਿਆ। ਉਹ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਜਾ ਰਹੇ ਸਨ ਪਰ ਡਿਪਟੀ ਕਮਿਸ਼ਨਰ ਚੰਡੀਗੜ੍ਹ ਜਾਣ ਕਰਕੇ ਉਨ੍ਹਾਂ ਨੂੰ ਜੀ.ਏ. ਮੈਡਮ ਨੂੰ ਹੀ ਮੰਗ ਪੱਤਰ ਸੌਂਪ ਕੇ ਦੁਸ਼ਹਿਰਾ ਮਨਾਉਣ ਦੀ ਮਨਜੂਰੀ ਮੰਗੀ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਉ ਮਹਾਂਵੀਰ ਸੇਵਾ ਦਲ ਦੇ ਆਗੂ ਅਕਾਸ ਬੋਕਸਰ ਨੇ ਕਿਹਾ ਕਿ ਨਿਉ ਮਹਾਂਵੀਰ ਦਲ ਦੇ ਲਈ ਕਾਂਗਰਸ ਦਾ ਰਾਜ ਔਰੰਗਜੇਬ ਦਾ ਰਾਜ ਬਣ ਗਿਆ ਹੈ। ਜਿਸ ਵਿਚ ਹਿੰਦੂਆਂ ਨੂੰ ਉਨ੍ਹਾਂ ਦੇ ਤਿਉਹਾਰ ਤੱਕ ਨਹੀਂ ਮਨਾਏ ਜਾਣ ਦਿੱਤੇ ਜਾ ਰਹੇ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸਾਰੇ ਸ਼ਹਿਰ ਵਿਚ ਮਨਜੂਰੀ ਦਿੱਤੀ ਗਈ ਪਰ ਉਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਕਹਿਣ ਤੋਂ ਮਨਜੂਰੀ ਨਹੀਂ ਦਿੱਤੀ ਜਾ ਰਹੀ। ਪਹਿਲਾਂ ਉਨ੍ਹਾਂ ਦੀ ਸੰਸਥਾ ਦਾ ਕੁਨੈਕਸ਼ਨ ਕਟਵਾ ਦਿੱਤਾ ਗਿਆ ਫੇਰ ਉਨ੍ਹਾਂ ਦਫਤਰ ਤੋੜਨ ਦੇ ਹੁਕਮ ਦਿੱਤੇ ਗਏ ਅਤੇ ਹੁਣ ਹਲਾਤ ਇਹ ਹਨ ਕਿ ਉਨ੍ਹਾਂ ਨੂੰ ਦੁਸ਼ਹਿਰਾ ਵੀ ਨਹੀਂ ਮਨਾਉਣ ਦਿੱਤਾ ਜਾ ਰਿਹਾ।
ਅਕਾਸ ਬੋਕਸਰ ਨੇ ਕਿਹਾ ਕਿ ਇੱਕ ਪਾਸੇ ਮੇਅਰ ਰਾਮ ਲੀਲਾ ਵਿਚ ਭਗਵਾਨ ਪਰਸ਼ੂਰਾਮ ਦਾ ਰੋਲ ਨਿਭਾ ਕੇ ਲੋਕਾਂ ਨੂੰ ਸੰਸਕ੍ਰਿਤੀ ਦਾ ਪਾਠ ਪੜ੍ਹਾ ਰਿਹਾ ਹੈ ਅਤੇ ਦੂਜੇ ਪਾਸੇ ਨਿਉ ਮਹਾਂਵੀਰ ਸੇਵਾ ਦਲ ਨੂੰ ਧਾਰਮਿਕ ਸਮਾਗਮ ਕਰਵਾਉਣ ਦੀ ਇਜਾਜਤ ਤੱਕ ਨਹੀਂ ਦਿੱਤੀ ਜਾ ਰਹੀ। ਜੋ ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਅਕਾਸ ਬੋਕਸਰ ਨੇ ਕਿਹਾ ਕਿ ਮਹਿਲਾਂ ਵਾਲਿਆਂ ਨੇ ਵੀ ਅਜਿਹੇ ਵਿਅਕਤੀ ਨੂੰ ਪਾਵਰ ਦੇ ਕੇ ਰੱਖੀ ਜਿਸ ਨੇ ਆਪਣੇ ਸਵਾਰਥ ਲਈ ਕਿਸੇ ਨੂੰ ਵੀ ਨਹੀਂ ਬਖਸਿਆ। ਇਸ ਮੌਕੇ ਅਮਿਤ ਸ਼ਰਮਾ, ਜਸਪ੍ਰੀਤ ਸਿੰਘ, ਭੁਪਿੰਦਰ ਕੁਮਾਰ, ਰਾਜੀਵ ਵਰਮਾ, ਰਮਨ ਕੁਮਾਰ, ਦੀਪ ਰਾਜਪੂਤ ਆਦਿ ਵੀ ਹਾਜ਼ਰ ਸਨ।