Punjab-Chandigarh

ਮੁੱਖ ਮੰਤਰੀ ਵੱਲੋਂ ਸ੍ਰੀਨਗਰ ਦੇ ਸਕੂਲ ਅੰਦਰ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮ ਹੱਤਿਆ ’ਤੇ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ਦੇ ਅੰਦਰ ਵੀਰਵਾਰ ਨੂੰ ਅਤਿਵਾਦੀਆਂ ਵੱਲੋਂ ਘੱਟ-ਗਿਣਤੀਆਂ ਨਾਲ ਸਬੰਧਤ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮੀ ਨਾਲ ਹੱਤਿਆ ਕਰ ਦੇਣ ਦੀ ਮੰਦਭਾਗੀ ਘਟਨਾ ਉਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ।

ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੂਬਾ ਭਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਕਿਉਂ ਜੋ ਲੋਕ ਅੱਤਵਾਦ ਪ੍ਰਭਾਵਿਤ ਸੂਬੇ ਵਿੱਚ ਵੱਖ-ਵੱਖ ਵੱਖਵਾਦੀਆਂ ਦੀਆਂ ਧਮਕੀਆਂ ਤੇ ਡਰ ਦੇ ਬੇਯਕੀਨੀ ਵਾਲੇ ਮਾਹੌਲ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਅਜਿਹੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਮਨ-ਕਾਨੂੰਨ ਦੀ ਮਸ਼ੀਨਰੀ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਤਾਂ ਕਿ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ ਜਿਨ੍ਹਾਂ ਨੇ ਅਮਨ-ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਖੇਰੂੰ-ਖੇਰੂੰ ਕਰਨ ਲਈ ਮਨੁੱਖਤਾ ਵਿਰੁੱਧ ਅਜਿਹੇ ਘਿਨਾਉਣੇ ਕਾਰੇ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹਾ ਘਿਨਾਉਣਾ ਕਾਰਾ ਕਰਨ ਦੀ ਜੁਅੱਰਤ ਨਾ ਕਰੇ ਅਤੇ ਇਸ ਘਟਨਾ ਦੀ ਸਾਰਿਆਂ ਨੂੰ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਅਪੀਲ ਕੀਤੀ ਕਿ ਇਸ ਔਖੇ ਸਮੇਂ ਵਿਚ ਗ਼ਮਗੀਨ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਸੂਬਾ ਪ੍ਰਸ਼ਾਸਨ ਦੇਣ ਦੇ ਆਦੇਸ਼ ਦਿੱਤੇ ਜਾਣ।

ਦੁੱਖ ਵਿਚ ਡੁੱਬੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸ. ਚੰਨੀ ਨੇ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

Spread the love

Leave a Reply

Your email address will not be published. Required fields are marked *

Back to top button