Punjab-Chandigarh

ਮੰਤਰੀ ਮੰਡਲ ਵੱਲੋਂ 2 ਕਿਲੋਵਾਟ ਮਨਜ਼ੂਰਸੁਦਾ ਤੱਕ ਡਿਫਾਲਟਰ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਨੂੰ ਮਨਜ਼ੂਰੀ

ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 2 ਕਿਲੋਵਾਟ ਲੋਡ ਵਾਲੇ ਘਰੇਲੂ ਬਿਜਲੀ ਬਿੱਲਾਂ ਦੇ ਪਿਛਲੇ ਸਮੁੱਚੇ ਬਕਾਏ ਨੂੰ ਮੁਆਫ਼ ਕੀਤਾ ਜਾਵੇਗਾ।

ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਜਿੰਨਾ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਕੈਬਨਿਟ ਨੇ ਅੱਜ ਇਹ ਗਰੀਬ ਪੱਖੀ ਫੈਸਲਾ ਲਿਆ ਜਿਸ ਦੇ ਤਹਿਤ ਹੁਣ ਪੰਜਾਬ ਸਰਕਾਰ ਅਜਿਹੇ ਡਿਫਾਲਟਰ ਵਿਅਕਤੀਆਂ ਵੱਲ ਬਕਾਏ ਦੀ ਰਕਮ ਅਦਾ ਕਰੇਗੀ।
ਇਹ ਫੈਸਲਾ ਅੱਜ ਸਵੇਰੇ ਇਥੇ ਮੁੱਖ ਮੰਤਰੀ ਦਫਤਰ ਵਿਖੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ।
ਮੀਟਿੰਗ ਵਿੱਚ ਵਿਚਾਰ ਚਰਚਾ ਦੌਰਾਨ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ਉਤੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਬਿਜਲੀ ਉਤਪਾਦਨ ਦੀ ਕੀਮਤ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਗਰੀਨਫੀਲਡ ਸੋਲਰ ਪ੍ਰਾਜੈਕਟਾਂ ਨੂੰ ਹੋਰ ਪ੍ਰਚਾਰੇ ਜਾਣ ਦੀ ਲੋੜ ਹੈ ਕਿਉਂਜੋ ਇਹ ਵਾਤਾਵਰਣ ਪੱਖੀ ਹੋਣ ਤੋਂ ਇਲਾਵਾ ਰਵਾਇਤੀ ਥਰਮਲ ਬਿਜਲੀ ਪਲਾਂਟਾਂ ਦੀ ਤੁਲਨਾ ਵਿੱਚ ਜ਼ਿਆਦਾ ਕਿਫਾਇਤੀ ਹੁੰਦੇ ਹਨ।
ਉਨ੍ਹਾਂ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਬਿਜਲੀ ਖਰੀਦ ਸਮਝੌਤਿਆਂ (ਪੀ.ਪੀ.ਏ.) ਦੀ ਸਮੀਖਿਆ ਕਰਨ ਦੀ ਲੋੜ ਹੈ ਜੋ ਕਿ ਵੱਖੋ-ਵੱਖ ਨਿੱਜੀ ਪਾਵਰ ਪਲਾਂਟਾਂ ਅਤੇ ਪੀ.ਐਸ.ਪੀ.ਸੀ.ਐਲ. ਦਰਮਿਆਨ ਸਹੀਬੱਧ ਕੀਤੇ ਗਏ ਸਨ ਤਾਂ ਜੋ ਸੂਬੇ ਵਿੱਚ ਵਾਧੂ ਬਿਜਲੀ ਪੈਦਾ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮੀਖਿਆ ਇਨ੍ਹਾਂ ਸਮਝੌਤਿਆਂ ਦੀ ਵਿੱਤੀ ਪ੍ਰਸੰਸਗਿਕਤਾ ਨੂੰ ਮੁੱਖ ਰੱਖਦੇ ਹੋਏ ਕੀਤੀ ਜਾਣੀ ਚਾਹੀਦੀ ਹੈ।

Spread the love

Leave a Reply

Your email address will not be published. Required fields are marked *

Back to top button