Punjab-Chandigarh

ਮਾਸਟਰ ਟਰੇਨਰ ਵਲੰਟੀਅਰਾਂ ਨੂੰ ਵਿਸ਼ੇਸ਼ੀਕ੍ਰਿਤ ਸਿਖਲਾਈ; ਤੀਜੀ ਕੋਰੋਨਾ ਲਹਿਰ ਨਾਲ ਨਜਿੱਠਣ ਲਈ 15000 ਕੋਰੋਨਾ ਵਲੰਟੀਅਰਾਂ ਨੂੰ ਕਰਨਗੇ ਸਿੱਖਿਅਤ

ਚੰਡੀਗੜ੍ਹ, 31 ਅਗਸਤ:
ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨਾਲ ਅਗਾਊਂ ਨਜਿੱਠਣ ਲਈ ਮਿਸ਼ਨ ਫਤਹਿ 2.0 ਤਹਿਤ ਸੂਬੇ ਵਿੱਚ ਬਣਾਏ ਗਏ 15000 ਕੋਰੋਨਾ ਵਲੰਟੀਅਰਾਂ ਨੂੰ ਸਿਖਲਾਈ ਦੇਣ ਵਾਸਤੇ ਮਾਸਟਰ ਟਰੇਨਰ ਵਲੰਟੀਅਰਾਂ ਨੂੰ ਅੱਜ ਮੋਹਾਲੀ ਵਿਖੇ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਦੌਰਾਨ ਕੋਵਿਡ ਤੋਂ ਇਹਤਿਆਤ ਅਤੇ ਜਾਗਰੂਕ ਕਰਨ ਲਈ ਵਿਸ਼ੇਸ਼ੀਕ੍ਰਿਤ ਟ੍ਰੇਨਿੰਗ ਦਿੱਤੀ ਗਈ।
ਯੁਵਕ ਸੇਵਾਵਾਂ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਿਸਾਨ ਵਿਕਾਸ ਚੈਂਬਰ ਮੋਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਵਿੱਚ 1 ਵਲੰਟੀਅਰ ਪ੍ਰਤੀ ਬਲਾਕ ਦੇ ਹਿਸਾਬ ਨਾਲ ਪੰਜਾਬ ਭਰ ਦੇ 150 ਬਲਾਕਾਂ ਅਤੇ ਸ਼ਹਿਰਾਂ ਵਿੱਚੋਂ ਕੁੱਲ 165 ਵਲੰਟੀਅਰ ਸ਼ਾਮਲ ਹੋਏ। ਇਸ ਵਰਕਸ਼ਾਪ ਦਾ ਉਦਘਾਟਨ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਕੱਤਰ ਅਤੇ ਐਨ.ਐਚ.ਐਮ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਕੁਮਾਰ ਰਾਹੁਲ ਨੇ ਕੀਤੀ। ਉਨ੍ਹਾਂ ਨਾਲ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਅਰੀਤ ਕੌਰ ਅਤੇ ਯੂਨੀਸੈਫ ਤੋਂ ਮਿਸ ਹਬੀਬਾ ਅਤੇ ਮਿਸ ਤ੍ਰਿਪਤ ਕੌਰ ਮੌਜੂਦ ਸਨ।


ਇਸ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਿਰੁੱਧ ਉਲੀਕੇ ਮਿਸ਼ਨ ਫਤਹਿ 2.0 ਤਹਿਤ ਪੰਜਾਬ ਭਰ ਵਿੱਚ ਪੇਂਡੂ ਤੇ ਸ਼ਹਿਰੀ ਕੋਰੋਨਾ ਵਲੰਟੀਅਰ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ। ਇਸ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਸੂਬੇ ਦੇ ਸਮੂਹ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ 15000 ਕੋਰੋਨਾ ਵਲੰਟੀਅਰਾਂ ਦੇ ਗਰੁੱਪ ਬਣਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਨੂੰ ਵਿਸ਼ੇਸ਼ੀਕ੍ਰਿਤ ਸਿਖਲਾਈ ਦੇਣ ਵਾਸਤੇ ਸੂਬੇ ਦੇ ਹਰ ਬਲਾਕ ਵਿੱਚੋਂ ਇੱਕ-ਇੱਕ ਮਾਸਟਰ ਟਰੇਨਰ ਵਲੰਟੀਅਰ ਨਿਯੁਕਤ ਕੀਤਾ ਗਿਆ ਹੈ, ਜੋ ਅੱਜ ਦੀ ਟ੍ਰੇਨਿੰਗ ਪਿੱਛੋਂ ਆਪਣੇ ਬਲਾਕ ਦੇ ਵਲੰਟੀਅਰਾਂ ਨੂੰ ਸਿਖਲਾਈ ਦੇਵੇਗਾ ਅਤੇ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨਾਲ ਕਰੜੇ ਹੱਥੀਂ ਨਜਿੱਠਣ ਲਈ ਤਿਆਰ ਕਰੇਗਾ। ਇਹ ਕੋਰੋਨਾ ਵਲੰਟੀਅਰ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਸੰਭਾਵੀ ਤੀਜੀ ਲਹਿਰ ਦੌਰਾਨ ਮਾਮਲੇ ਸਾਹਮਣੇ ਆਉਣ `ਤੇ ਕੋਵਿਡ ਰਿਸਪਾਂਸ ਟੀਮਾਂ ਸਮੇਤ ਅਹਿਮ ਰੋਲ ਅਦਾ ਕਰਨਗੇ।

Spread the love

Leave a Reply

Your email address will not be published. Required fields are marked *

Back to top button