ਆਜੀਵਿਕਾ ਮਿਸ਼ਨ ਦੇ ਮੈਂਬਰਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀਆਂ ਮਹਿਲਾਵਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਬਲਾਕ ਭੁਨਰਹੇੜੀ ਦੇ ਪਿੰਡ ਭਾਂਖਰ ਅਤੇ ਦੀਵਾਨਵਾਲਾ, ਸਨੌਰ ਦੇ ਪਿੰਡ ਕਰਨਪੁਰ, ਪਾਤੜਾਂ ਦੇ ਸ਼ੁਤਰਾਣਾ ਅਤੇ ਬਾਦਸ਼ਾਹਪੁਰ, ਪਟਿਆਲਾ ਵਿਖੇ ਰਵਾਸ ਬ੍ਰਾਹਮਣਾ, ਸਮਾਣਾ, ਘਨੌਰ ਦੇ ਪਿੰਡ ਅਜਰੋਰ ਅਤੇ ਬਲਾਕ ਰਾਜਪੁਰਾ ਦੇ ਪਿੰਡ ਜੰਗਪੁਰਾ ਅਤੇ ਜਲਾਲਪੁਰਾ ਵਿਖੇ ਵਿੱਤੀ ਸਾਖਰਤਾ ਕੈਂਪ ਅਤੇ ਐਫ਼.ਐਨ.ਐਚ.ਡਬਲਿਯੂ. ਕੈਂਪ ਵਿੱਚ ਸ਼ਮੂਲੀਅਤ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ।
ਕੈਂਪ ਦੌਰਾਨ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜਿਲ੍ਹਾ ਪਟਿਆਲਾ ਵਿੱਚ 3000 ਤੋਂ ਵੱਧ ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ। ਇਸ ਵਿਸ਼ੇਸ਼ ਮੌਕੇ ‘ਤੇ ਕੋਵਿਡ ਦੌਰਾਨ ਵਧੀਆਂ ਕੰਮ ਕਰਨ ਵਾਲੀਆ ਸੀ.ਆਰ.ਪੀਜ਼ ਨੂੰ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਪ੍ਰਸੰਸਾ ਪੱਤਰ ਰਾਹੀ ਸਨਮਾਨਿਤ ਕੀਤਾ ਗਿਆ।
ਬਲਾਕ ਪੱਧਰੀ ਪ੍ਰੋਗਰਾਮਾਂ ‘ਚ ਬਲਾਕ ਪਾਤੜਾਂ ਵਿਖੇ ਸਵੈ-ਸਹਾਇਤਾ ਸਮੂਹਾਂ ਨੂੰ 36.50 ਲੱਖ, ਬਲਾਕ ਸਮਾਣਾ ਵਿੱਚ 27 ਲੱਖ, ਬਲਾਕ ਪਟਿਆਲਾ ਵਿੱਚ 3 ਲੱਖ ਅਤੇ ਬਲਾਕ ਸਨੌਰ ਵਿੱਚ 12.5 ਲੱਖ ਦੇ ਕਰਜ਼ੇ ਵੰਡੇ ਗਏ। ਮਿੰਨੀ ਸਕੱਤਰੇਤ ਵਿਖੇ ਚਾਰ ਸਵੈ-ਸਹਾਇਤਾ ਸਮੂਹਾਂ ਦੁਆਰਾ ਹੁਨਰ ਬਜ਼ਾਰ ਵਿੱਚ ਹੱਥੀ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਗਿਆ। ਇਸ ਤੋ ਇਲਾਵਾ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਦੁਆਰਾ ਆਪਣੀਆਂ ਸਫਲਤਾ ਕਹਾਣੀਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਰਾਹੀ ਇਸ ਦਿਨ ਦੀ ਖੁਸ਼ੀ ਦਾ ਇਜ਼ਹਾਰ ਗਿੱਧਾ ਅਤੇ ਬੋਲੀਆਂ ਪਾ ਕੇ ਕੀਤਾ ਗਿਆ।