ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੁ ਹਰਿ ਰਾਏ ਜੀ ਬੋਟੈਨੀਕਲ ਗਾਰਡਨ ਦਾ ਉਦਘਾਟਨ
Ajay Verma (TMT)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਬਾਟਨੀ ਅਤੇ ਵਾਤਾਵਰਣ ਸਾਇੰਸ ਵਿਭਾਗ ਵਲੋਂ ਅੰਤਰਰਾਸਟਰੀ ਜੀਵ-ਵਿਭਿੰਨਤਾ ਦਿਵਸ-2023 ਮੌਕੇ ਯੂਨੀਵਰਸਿਟੀ ਕੈਂਪਸ ਦੇ ਅੰਦਰ 3.5 ਏਕੜ ਵਿਚ ਸਥਾਪਿਤ ਕੀਤੇ ਗਏ ਵਨਸਪਤੀ ਬਾਗ ਦਾ ਉਦਘਾਟਨ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਇਸ ਬਾਗ ਨੂੰ ਸ੍ਰੀ ਗੁਰੁ ਹਰਿ ਰਾਏ ਜੀ ਨੂੰ ਸਮਰਪਿਤ ਕਰਦੇ ਹੋਏ ਇਸ ਦਾ ਨਾਂ ‘ਸ੍ਰੀ ਗੁਰੁ ਹਰਿ ਰਾਏ ਜੀ ਬੋਟੈਨੀਕਲ ਗਾਰਡਨ ਰੱਖਿਆ ਗਿਆ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਬੂਟਾ ਲਗਾ ਕੇ ਬਾਗ ਦਾ ਉਦਘਾਟਨ ਕੀਤਾ ਅਤੇ ਇਸ ਬਾਗ ਨੂੰ ਹੋਰ ਵਧਦਾ ਦੇਖਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਗੁਰੁ ਹਰਿ ਰਾਏ ਜੀ ਦੇ ਵਾਤਾਵਰਨ ਅਤੇ ਬੂਟਿਆਂ ਪ੍ਰਤੀ ਲਗਾਅ ਤੋਂ ਪ੍ਰੇਰਨਾ ਲੈਂਦੇ ਹੋਏ ਵਾਤਾਵਰਨ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ। ਇਸ ਬਾਗ ਦੀ ਸਥਾਪਨਾ ਵੀ ਇਸੇ ਕੜੀ ਦੇ ਅੰਗ ਵਜੋਂ ਪੰਜਾਬ ਵਿਚ ਪਾਏ ਜਾਣ ਵਾਲੇ ਸਥਾਨਕ ਬੂਟੇ ਅਤੇ ਲੁਪਤ ਹੋਣ ਕਿਨਾਰੇ ਰੁੱਖਾਂ ਦੀ ਸੰਭਾਲ ਲਈ ਕੀਤੀ ਗਈ ਹੈ। ਉਨ੍ਹਾਂ ਨੇ ਵਿਭਾਗ ਵੱਲੋਂ ਇਸ ਬਹੁਮੰਤਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਵਿਭਾਗ ਵੱਲੋਂ ਭਵਿੱਖ ਵਿਚ ਵੀ ਅਜਿਹੇ ਉਦਮ ਕੀਤੇ ਜਾਂਦੇ ਰਹਿਣਗੇ।
ਇਸ ਮੌਕੇ ਤੇ ਮੌਜੂਦ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ. ਐਸ. ਬਿਲਿੰਗ ਨੇ ਦੱਸਿਆ ਕਿ ਸ੍ਰੀ ਗੁਰੂ ਹਰਿ ਰਾਏ ਜੀ ਵੱਲੋਂ ਕੀਰਤਪੁਰ ਸਾਹਿਬ ਵਿਖੇ ਨੌਲੱਖੇ ਬਾਗ ਦੀ ਸਥਾਪਨਾ ਕੀਤੀ ਗਈ ਸੀ। ਉਹਨਾਂ ਵਿਭਾਗ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਰਾਹ ਤੇ ਚਲਦੇ ਹੋਏ ਇਹ ਬਾਗ ਸਥਾਪਿਤ ਕਰਨ ਵਾਸਤੇ ਵਧਾਈ ਦਿੱਤੀ। ਉਨ੍ਹਾਂ ਅੱਗੇ ਦੱਸਿਆਂ ਕਿ ਯੂਨੀਵਰਸਿਟੀ ਵਲੋਂ 3.5 ਏਕੜ ਵਿਚ ਸਥਾਪਿਤ ਕੀਤਾ ਗਿਆ ਇਹ ਬਾਗ ਰਕਬੇ ਅਨੁਸਾਰ ਇਸ ਇਲਾਕੇ ਵਿਚ ਸਭ ਤੋ ਵੱਡਾ ਬੋਟੈਨੀਕਲ ਗਾਰਡਨ ਹੈ ਅਤੇ ਵਿਦਿਆਰਥੀਆਂ ਨੂੰ ਇਸ ਸਹੂਲਤ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ।
ਬਾਟਨੀ ਅਤੇ ਵਾਤਾਵਰਣ ਸਾਇੰਸ ਵਿਭਾਗ ਦੇ ਇੰਚਾਰਜ ਅਤੇ ਗਾਰਡਨ ਕਿਊਰੇਟਰ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਾਗ ਨੂੰ ਚਾਰ ਮੁੱਖ ਭਾਗਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਏ ਬੂਟਿਆਂ ਅਤੇ ਰੁੱਖਾਂ ਤੋਂ ਇਲਾਵਾ ਪੰਜਾਬ ਦੇ ਸਥਾਨਕ ਬੂਟੇ ਅਤੇ ਨੇੜਲੇ ਇਲਾਕਿਆਂ ਵਿਚ ਪਾਏ ਜਾਣ ਵਾਲੇ 200 ਵੱਖ-ਵੱਖ ਕਿਸਮਾਂ ਦੇ ਬੂਟੇ ਅਤੇ ਰੁੱਖ ਵਿਗਿਆਨਕ ਤਰਤੀਬ ਵਾਰ ਲਗਾਏ ਗਏ ਹਨ ਤੇ ਭਵਿੱਖ ਵਿਚ ਵੀ ਇਹ ਕਾਰਜ ਜਾਰੀ ਰਹੇਗਾ। ਇਸ ਤੋ ਇਲਾਵਾ ਬਾਗ ਦੇ ਇਕ ਭਾਗ ਨੂੰ ਸਥਾਨਕ ਤੌਰ ‘ਤੇ ਮਹੱਤਵਪੂਰਨ ਔਸ਼ਧੀ ਪੌਦਿਆਂ ਅਤੇ ਹੋਰ ਬਹੁ-ਮੰਤਵੀ ਰੁੱਖਾਂ ਦੀਆਂ ਕਿਸਮਾਂ ਦੇ ਬੂਟੇ ਲਗਾਏ ਜਾਣ ਲਈ ਤਿਆਰ ਕੀਤਾ ਗਿਆ ਹੈ। ਇਸ ਬਾਗ ਨੂੰ ਵਿਕਸਿਤ ਕਰਨ ਲਈ ਸਥਾਨਕ ਅਤੇ ਰਾਸ਼ਟਰੀ ਪੱਧਰ ਦੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਦਾ ਭਰਪੂਰ ਸਹਿਯੋਗ ਰਿਹਾ ਹੈ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਅਤੇ ਰਾਊਂਡ ਗਲਾਸ ਫਾਉਨਡੇਸ਼ਨ ਵੱਲੋਂ ਇਸ ਬਾਗ ਲਈ ਔਸ਼ਧੀ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਮੁਹੱਈਆ ਕਰਵਾਏ ਗਏ ਹਨ।
ਇਸ ਮੌਕੇ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ. ਸੁਮਿਤ ਕੁਮਾਰ, ਮੁਖੀ, ਅਰਥਸ਼ਾਸਤਰ ਵਿਭਾਗ, ਡਾ. ਰੁਪਿੰਦਰ ਪਾਲ ਸਿੰਘ, ਇੰਚਾਰਜ, ਫੂਡ ਪ੍ਰੋਸੈਸਿੰਗ ਟੈਕਨੋਲਜੀ ਵਿਭਾਗ ‘ਤੇ ਬਾਟਨੀ ਅਤੇ ਵਾਤਾਵਰਣ ਸਾਇੰਸ ਵਿਭਾਗ ਦੇ ਫੈਕਲਟੀ ਮੈਂਬਰ ਡਾ. ਨਵਦੀਪ ਕੌਰ, ਡਾ. ਹੀਨਾ ਖਾਨ, ਡਾ. ਸ਼ਵੇਤਾ ਅਤੇ ਵਿਭਾਗ ਦੇ ਸਮੂਹ ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।