ਸਪੀਕਰ ਸੰਧਵਾਂ ਨੇ ਭਾਦਸੋਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਘੋੜ ਸਵਾਰ ਚਿੰਨ੍ਹ ਤੋਂ ਪੜਦਾ ਉਠਾਇਆ
Ajay Verma
TMT News
ਭਾਦਸੋਂ/ਪਟਿਆਲਾ, 16 ਮਈ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਭਾਦਸੋਂ ਵਿਖੇ ‘ਦੀ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ’ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਸਥਾਪਤ ਕੀਤੇ ਘੋੜ ਸਵਾਰ ਚਿੰਨ੍ਹ ਤੋਂ ਪੜਦਾ ਉਠਾਇਆ। ਉਹ ਇੱਥੇ ਕਰਤਾਰ ਐਗਰੋ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਅਮਰਜੀਤ ਸਿੰਘ ਲੋਟੇ ਦੀ ਅਗਵਾਈ ਹੇਠ ਕਰਵਾਏ 300 ਸਾਲਾ ਸਤਾਬਦੀ ਸਮਾਰੋਹ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਭਾਵੇਂ ਬ੍ਰਿਟਿਸ ਰਾਜ ਹੋਇਆ ਹੈ ਪਰ ਸਭ ਤੋਂ ਮਹਾਨ ਰਾਜ ਸਿੱਖ ਰਾਜ ਹੀ ਹੋਇਆ ਜਿਸ ਦਾ ਮੁੱਢ ਬੰਨ੍ਹਣ ਵਾਲਿਆਂ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੋਹਰੀ ਸਨ।ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਦੁਨੀਆਂ ਨੂੰ ਦੱਸਿਆ ਕਿ ”ਰਾਜ ਕੀ ਹੁੰਦਾ ਹੈ ਅਤੇ ਰਾਜਨੀਤੀ ਕਿਵੇਂ ਹੁੰਦੀ ਹੈ।”
ਸੰਧਵਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਰਾਜੇ ਬਣਾਉਣ ਵਾਸਤੇ ਅਪਣਾ ਸਰਬੰਸ ਵਾਰਿਆ ਸੀ ਤੇ ਰਾਮਗੜ੍ਹੀਆ ਭਾਈਚਾਰੇ ਨੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਕਿਰਤ ਦੇ ਰਾਹ ਪੈ ਕੇ ਰਾਜ ਭਾਗ ਹਾਸਲ ਕੀਤੇ ਹਨ।ਉਨ੍ਹਾਂ ਨੇ ਕਰਤਾਰ ਐਗਰੋ ਦੇ ਐਮ.ਡੀ. ਅਮਰਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਭਾਦਸੋਂ ਵਿੱਚ ਮਹਾਨ ਜਰਨੈਲ ਦੀ ਯਾਦਗਾਰ ਬਣਾਉਣ ਨਾਲ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਇਕ ਸੋਮਾ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਲਈ ਸਮੇਂ ਦੀਆਂ ਹਕੂਮਤਾਂ ਨਾਲ ਟੱਕਰ ਲਈ ਤੇ ਉੱਚਿਆਂ ਮੀਨਾਰਾਂ ‘ਤੇ ਕੇਸਰੀ ਝੰਡਾ ਝੁਲਾਇਆ।
ਦੇਵ ਮਾਨ ਨੇ ਕਿਹਾ ਨਾਭਾ ਹਲਕੇ ਦੇ ਅਹਿਮ ਹਿੱਸੇ ਕੰਬਾਈਨ ਨਗਰੀ ਭਾਦਸੋਂ ‘ਚ ਮਹਾਨ ਸਿੱਖ ਜਰਨੈਲ ਦਾ ਬੁੱਤ ਸਥਾਪਿਤ ਕਰਨਾ ਸਲਾਘਾਯੋਗ ਹੈ।ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਉਹ ਰਾਮਗੜ੍ਹੀਆ ਬਰਾਦਰੀ ਦਾ ਇਕ ਨਿਮਾਣਾ ਜਿਹਾ ਅੰਸ਼ ਹੋਣ ਸਦਕਾ ਬਰਾਦਰੀ ਦੀ ਹਰ ਮੁਸ਼ਕਿਲ ਹੱਲ ਕਰਵਾਉਣ ਵਿੱਚ ਖੁਸ਼ੀ ਮਹਿਸੂਸ ਕਰਨਗੇ।
ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਕੇਵਲ ਇੱਕ ਬਰਾਦਰੀ ਨਾਲ ਜੋੜ ਕੇ ਉਨ੍ਹਾਂ ਦੇ ਕੱਦ ਬੁੱਤ ਨੂੰ ਛੋਟਾ ਨਹੀਂ ਕੀਤਾ ਜਾ ਸਕਦਾ ਬਲਕਿ ਜੱਸਾ ਸਿੰਘ ਰਾਮਗੜ੍ਹੀਆ ਸਮੁੱਚੀ ਕੌਮ ਦੇ ਰਾਹ ਦਸੇਰੇ ਸਨ। ਉਨ੍ਹਾਂ ਨੇ ਦਿੱਲੀ ਉਤੇ ਪੰਦਰਾਂ ਹਮਲੇ ਕੀਤੇ ਅਤੇ ਤਿੰਨ ਵੇਰ ਦਿੱਲੀ ਫ਼ਤਿਹ ਕਰਕੇ ਲਾਲ ਕਿਲੇ ‘ਤੇ ਕੇਸਰੀ ਨਿਸ਼ਾਨ ਝੁਲਾਇਆ ਅਤੇ ਗੁਰੂ ਜੀ ਦੇ ਹੁਕਮ ਪੁਗਾਉਂਦਿਆਂ ਮੁਗਲ ਸਾਮਰਾਜ ਦਾ ਤਖ਼ਤ ਪੁੱਟ ਸੁੱਟਿਆ।
ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਅਮੀਰ ਵਿਰਸਾ ਸੰਭਾਲ਼ਣ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਰਾਮਗੜ੍ਹੀਆ ਸਮਾਜ ਨੂੰ ਸਾਡੇ ਵਿਰਸੇ ਨੇ ਬਹੁਤ ਕੁਝ ਦਿੱਤਾ ਹੈ। ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਤੇ ਕਿਰਤ ਦਾ ਮਹਾਨ ਸੰਦੇਸ਼ ਦੇਣ ਵਾਲੇ ਭਾਈ ਲਾਲੋ ਦੇ ਵਾਰਸ ਹੋਣ ਦਾ ਫ਼ਖ਼ਰ ਹੈ।
ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਰਾਮਗੜ੍ਹੀਆ ਕੌਮ ਦਾ ਬਣਦਾ ਹੱਕ ਦਿਵਾਉਂਦੀ ਹੈ ਤਾਂ ਸਮੁੱਚੀ ਕੌਮ ਸਰਕਾਰ ਦੀ ਅਹਿਸਾਨਮੰਦ ਰਹੇਗੀ। ਕਾਂਗਰਸ ਤੇ ਅਕਾਲੀ ਸਰਕਾਰਾਂ ਰਾਮਗੜ੍ਹੀਆ ਬਰਾਦਰੀ ਨੂੰ ਇਹ ਹੱਕ ਦਿਵਾਉਣ ‘ਚ ਅਸਫ਼ਲ ਰਹੀਆਂ ਨੇ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ‘ਤੇ ਕੌਮ ਨੂੰ ਭਰਪੂਰ ਉਮੀਦਾਂ ਹਨ।
ਸਮਾਗਮ ਵਿੱਚ ਐਸ.ਡੀ.ਐਮ. ਨਾਭਾ ਤਰਸੇਮ ਚੰਦ, ਇੰਦਰਜੀਤ ਸਿੰਘ ਮੁੰਡੇ, ਪ੍ਰੇਮ ਸਿੰਘ ਪ੍ਰੀਤ ਗਰੁੱਪ, ਸੁਖਵਿੰਦਰ ਸਿੰਘ ਵਿਸ਼ਾਲ ਕੰਬਾਇਨ, ਗਿਆਨੀ ਅਮਰ ਸਿੰਘ ਦਸ਼ਮੇਸ਼ ਐਗਰੋ ਮਲੇਰਕੋਟਲਾ ਤੇ ਕਰਤਾਰ ਐਗਰੋ ਦੇ ਡਾਇਰੈਕਟਰ ਹਰਵਿੰਦਰ ਸਿੰਘ, ਹਰਮੀਤ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ ਇਲਾਕੇ ਭਰ ਦੇ ਪਤਵੰਤੇ ਹਾਜਰ ਸਨ ।