ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ ’ਚ ਮਨਾਇਆ ਅੰਤਰਰਾਸ਼ਟਰੀ ਨਰਸਿੰਗ ਦਿਵਸ
ਪਟਿਆਲਾ 12 ਮਈ:
ਨਰਸਾਂ ਵੱਲੋਂ ਮਰੀਜ਼ਾਂ ਦੀ ਦਿਨ ਰਾਤ ਕੀਤੀ ਜਾ ਰਹੀ ਦੇਖਭਾਲ ਅਤੇ ਵਧੀਆਂ ਸੇਵਾਵਾਂ ਦੇਣ ਬਦਲੇ ਉਹਨਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ ਵਿੱਚ ਥੀਮ “ਸਾਡੀ ਨਰਸ- ਸਾਡਾ ਭਵਿੱਖ” ਤਹਿਤ ਅੰਤਰਰਾਸ਼ਟਰੀ ਨਰਸਿੰਗ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਸਟਾਫ਼ ਨਰਸਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨੋਬਲ ਨਰਸਿੰਗ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਨਰਸ ਫਲੋਰੇਂਸ ਨਾਈਟਿੰਗੇਲ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਸ਼ਲਦੀਪ ਕੌਰ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਵੀ ਸਨ।
ਸਿਵਲ ਸਰਜਨ ਡਾ.ਰਮਿੰਦਰ ਕੌਰ ਨੇ ਨਰਸਾਂ ਨੂੰ ਦਿਵਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਠੀਕ ਕਰਨ ਦੇ ਵਿੱਚ ਜਿਨ੍ਹਾਂ ਯੋਗਦਾਨ ਡਾਕਟਰ ਦਾ ਹੁੰਦਾ ਹੈ, ਉਹਨਾਂ ਹੀ ਯੋਗਦਾਨ ਨਰਸਾਂ ਦਾ ਹੁੰਦਾ ਹੈ ਜੋ ਕਿ ਮਰੀਜ਼ਾਂ ਨੂੰ ਸਮੇਂ ਤੇ ਦਵਾਈਆਂ ਦੇਣ ਤੋਂ ਲੈ ਕੇ ਦਿਨ ਰਾਤ ਉਹਨਾਂ ਦਾ ਧਿਆਨ ਰੱਖਣ, ਦਾਖ਼ਲੇ ਦੌਰਾਨ ਮਰੀਜ਼ਾਂ ਦੀ ਤਕਲੀਫ਼ਾਂ ਨੂੰ ਧਿਆਨ ਨਾਲ ਸੁਣਨ ਅਤੇ ਉਹਨਾਂ ਨੂੰ ਸਮੇਂ ਸਿਰ ਹੱਲ ਕਰਵਾਉਣ, ਛੁੱਟੀ ਤੋਂ ਬਾਦ ਮਰੀਜ਼ਾਂ ਦੇ ਅਟੈਂਡੈਂਟ ਨੂੰ ਮਰੀਜ਼ ਦੀ ਦੇਖਭਾਲ ਕਰਨ ਸਬੰਧੀ ਸਮਝਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਰਸਾਂ ਬਿਮਾਰ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਸਰੀਰਕ ਅਤੇ ਮਾਨਸਿਕ ਰਾਹਤ ਪ੍ਰਦਾਨ ਕਰਨ ਲਈ ਆਪਣੇ ਸਮਾਂ ਅਤੇ ਊਰਜਾ ਸਮਰਪਿਤ ਕਰਦੇ ਹਨ।ਉਹਨਾਂ ਕਿਹਾ ਕਿ ਇਹ ਦਿਨ ਨਰਸਾਂ ਦੇ ਯੋਗਦਾਨ ਨੂੰ ਯਾਦ ਕਰਨ ਅਤੇ ਉਹਨਾਂ ਦੇ ਕੰਮ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਹਰ ਸਾਲ ਮਨਾਇਆ ਜਾਂਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਸ਼ਲਦੀਪ ਗਿੱਲ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਏਰੀਏ ਦੀਆਂ ਨਰਸਾਂ ਵੱਲੋਂ ਸਿਹਤ ਸੰਸਥਾਵਾਂ ਵਿੱਚ ਬਾ-ਖੁਬੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਰੋਨਾ ਕਾਲ ਦੇ ਸਮੇਂ ਵੀ ਉਹਨਾਂ ਵੱਲੋਂ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਮਰੀਜ਼ਾਂ ਦੀ ਦੇਖਭਾਲ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।ਇਸ ਮੌਕੇ ਡਾ. ਸੀਮਾ ਜੱਸਲ, ਡਾ. ਰਾਜੀਵ ਟੰਡਨ, ਡਾ. ਗਗਨਦੀਪ ਕੌਰ, ਡਾ. ਅਸ਼ੀਸ਼ ਸ਼ਰਮਾ, ਡਾ. ਹਰਸਿਮਰਨ, ਡਾ. ਯੋਗੇਸ਼, ਡਾ. ਅਨੁਪਮ, ਡਾ. ਕਿਰਨਜੋਤ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ਼ ਅਤੇ ਏਰੀਏ ਦੀਆਂ 15 ਦੇ ਕਰੀਬ ਸਟਾਫ਼ ਨਰਸਾਂ ਹਾਜ਼ਰ ਸਨ।