ਪੇਟ ਦੇ ਕੀੜਿਆਂ ਤੋ ਮੁਕਤੀ ਲਈ ਮੌਪ ਅਪ ਰਾਊਂਡ ਤੇ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋਲ ਦੀ ਗੋਲੀ
Harpreet kaur ( TMT)
ਪਟਿਆਲਾ 5 ਮਈ:
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ,ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਡੀ ਵਾਰਮਿੰਗ ਮੁਹਿੰਮ ਤਹਿਤ ਮੌਪ ਰਾਊਂਡ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਐਸ.ਡੀ.ਕੇ.ਐਸ ਸਕੂਲ ਦੇ ਵਿਦਿਆਰਥੀਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ।ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫ਼ਸਰ ਡਾ. ਜਗਪਾਲ ਇੰਦਰ ਸਿੰਘ, ਸਕੂਲ ਹੈਲਥ ਅਫ਼ਸਰ ਡਾ. ਆਰਤੀ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਮਿਤੀ 26 ਅਪ੍ਰੈਲ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਸਬੰਧੀ ਰਾਸ਼ਟਰੀ ਦਿਵਸ ਦਾ ਆਯੋਜਨ ਕਰਕੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਦਿੱਤੀ ਗਈ ਸੀ ਪ੍ਰੰਤੂ ਜਿਹੜੇ ਬੱਚੇ ਕਿਸੇ ਕਾਰਨ 26 ਅਪ੍ਰੈਲ ਨੂੰ ਦਿਵਸ ਮੌਕੇ ਇਹ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਸਨ, ਉਹਨਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਮੌਪ ਅਪ ਰਾਊਂਡ ਤੇ ਐਲਬੈਨਡਾਜੋਲ਼ ਦੀ ਗੋਲੀ ਖੁਆਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਨ ਰੋਜ਼ਾਨਾ ਦੀ ਖੁਰਾਕ ਦੇ ਘਟਣ ਕਾਰਨ ਸਰੀਰਕ ਕਮਜ਼ੋਰੀ, ਪੜਾਈ ਵਿਚ ਜੀਅ ਨਾ ਲੱਗਣਾ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ ਚਿੜਾਪਣ ਦੇਖਣ ਵਿਚ ਆਉਂਦਾ ਹੈ।ਪਰ ਹੁਣ ਐਲਬੈਨਡਾਜੋਲ ਦੀ ਖੁਰਾਕ ਨਾਲ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਤੋਂ ਇਲਾਵਾ ਖੂਨ ਦੀ ਕਮੀ ਤੋ ਛੁਟਕਾਰਾ ਮਿਲੇਗਾ।ਨੋਡਲ ਅਫ਼ਸਰ ਡਾ. ਜਗਪਾਲ ਇੰਦਰ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾ,ਕੋਚਿੰਗ ਸੈਂਟਰ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ ਅਤੇ ਕਿਸੇ ਕਾਰਨ ਪੜਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ ਕੁੱਲ 5 ਲੱਖ 85 ਹਜ਼ਾਰ 932 ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ।ਡਾ. ਆਰਤੀ ਨੇ ਪੇਟ ਵਿਚ ਕੀੜੇ ਪੈਦਾ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਛੋਟੇ ਬੱਚਿਆਂ ਦੇ ਮਿੱਟੀ ਖਾਣਾ, ਖਾਣਾ ਖਾਣ ਤੋ ਪਹਿਲਾਂ ਹੱਥਾਂ ਦੀ ਸਫ਼ਾਈ ਨਾ ਕਰਨਾ, ਖੁੱਲ੍ਹੀਆਂ ਥਾਂਵਾਂ ਤੇ ਲੈਟਰੀਨ ਜਾਣਾ, ਨੰਗੇ ਪੈਰੀਂ ਤੁਰਨਾ, ਖਾਣ ਵਾਲੀਆਂ ਚੀਜ਼ਾਂ ਦਾ ਸਾਫ਼ ਸੁਥਰਾ ਨਾ ਹੋਣਾ ਆਦਿ ਹਨ, ਜਿਨ੍ਹਾਂ ਰਾਹੀ ਕੀੜੇ ਸਾਡੇ ਸਰੀਰ ਅੰਦਰ ਦਾਖਲ ਹੋ ਜਾਂਦੇ ਹਨ।ਉਨ੍ਹਾਂ ਬੱਚਿਆਂ ਨੂੰ ਬਾਜ਼ਾਰ ਵਿਚ ਵਿਕਦੇ ਫਾਸਟ ਫੂਡ ਖਾਣ ਤੋ ਵੀ ਗੁਰੇਜ਼ ਕਰਨ। ਇਸ ਮੌਕੇ ਸਕੂਲ ਪ੍ਰਿੰਸੀਪਲ ਅਰਵਿੰਦਰਪਾਲ ਕੌਰ ਨੇ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਤੇ ਬੱਚਿਆਂ ਨੁੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।ਉਹਨਾਂ ਬੱਚਿਆਂ ਨੂੰ ਇਹ ਗੋਲੀ ਜ਼ਰੂਰ ਖਾਣ ਅਤੇ ਨਿੱਜੀ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ।ਇਸ ਮੌਕੇ ਸਕੂਲ ਦਾ ਟੀਚਿੰਗ ਸਟਾਫ਼ ਅਤੇ ਬਿੱਟੂ ਵੀ ਹਾਜ਼ਰ ਸਨ।