ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਹੋਏ ਮੂਟ ਕੋਰਟ ਮੁਕਾਬਲੇ
ਪਟਿਆਲਾ, 22 ਅਪ੍ਰੈਲ:
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਵੱਲੋਂ ਕਰਵਾਏ ਗਏ ਦੋ ਦਿਨਾਂ 11ਵੇਂ ਨੈਸ਼ਨਲ ਮੂਟ ਕੋਰਟ ਮੁਕਾਬਲੇ ਵਿੱਚ ਦੇਸ਼ ਭਰ ਦੀਆਂ ਕੁੱਲ 30 ਟੀਮਾਂ ਨੇ ਭਾਗ ਲਿਆ ਅਤੇ ਵਿਵੇਕਾਨੰਦ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਦਿੱਲੀ ਨੇ ਇਨ੍ਹਾਂ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਕੁਆਰਟਰ-ਫਾਈਨਲ ਰਾਊਂਡ ਹੋਇਆ ਜਿਸ ਵਿੱਚ ਸਿਖਰਲੀਆਂ 8 ਟੀਮਾਂ ਨੂੰ ਅਕਾਦਮਿਕ ਅਤੇ ਵਕੀਲਾਂ ਦੇ ਇੱਕ ਪੈਨਲ ਵੱਲੋਂ ਚੁਣਿਆ ਗਿਆ ਅਤੇ ਸੈਮੀ-ਫਾਈਨਲ ਰਾਊਂਡ ਵਿੱਚ ਚੋਟੀ ਦੀਆਂ 4 ਟੀਮਾਂ ਦਾ ਫ਼ੈਸਲਾ ਤਿੰਨ ਜੱਜਾਂ ਵਾਲੇ ਬੈਂਚ ਵੱਲੋਂ ਕੀਤਾ ਗਿਆ, ਜਿਸ ਵਿੱਚ ਸੈਸ਼ਨ ਕੋਰਟਾਂ ਦੇ ਮੌਜੂਦਾ ਜੱਜ, ਸੀਨੀਅਰ ਪ੍ਰੋਫੈਸਰ ਅਤੇ ਵਕੀਲ ਸ਼ਾਮਲ ਸਨ। ਟੀਮਾਂ ਵੱਲੋਂ ਕਾਨੂੰਨ ਅਤੇ ਤੱਥਾਂ ਦੇ ਉਨ੍ਹਾਂ ਦੇ ਗਿਆਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਸੈਮੀਫਾਈਨਲ ਵਿੱਚ ਬਰਕਰਾਰ ਰਹਿਣ ਵਾਲੀਆਂ ਦੋ ਟੀਮਾਂ ਆਰਮੀ ਇੰਸਟੀਚਿਊਟ ਆਫ਼ ਲਾਅ, ਮੋਹਾਲੀ ਅਤੇ ਵਿਵੇਕਾਨੰਦ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਦਿੱਲੀ ਸਨ।
ਮੁਕਾਬਲਿਆਂ ਦੇ ਆਖੀਰੀ ਦੌਰ ’ਚ ਮਾਨਯੋਗ ਜਸਟਿਸ ਦਰਸ਼ਨ ਸਿੰਘ, ਸਾਬਕਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪ੍ਰੋ. (ਡਾ.) ਗੁਰਪਾਲ ਸਿੰਘ, ਕਾਨੂੰਨ ਦੇ ਪ੍ਰੋਫੈਸਰ ‘ਤੇ ਆਧਾਰਿਤ ਤਿੰਨ ਜੱਜਾਂ ਦੇ ਬੈਂਚ ਵੱਲੋਂ ਫ਼ੈਸਲਾ ਕੀਤਾ ਗਿਆ, ਜਿਸ ’ਚ ਵਿਵੇਕਾਨੰਦ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਦਿੱਲੀ ਨੇ ਪਹਿਲਾ ਇਨਾਮ ਜਿੱਤਿਆ ਅਤੇ ਆਰਮੀ ਇੰਸਟੀਚਿਊਟ ਆਫ਼ ਲਾਅ, ਮੁਹਾਲੀ ਉਪ ਜੇਤੂ ਐਲਾਨਿਆ ਗਿਆ। ਆਰਮੀ ਇੰਸਟੀਚਿਊਟ ਆਫ਼ ਲਾਅ, ਮੋਹਾਲੀ ਦੀ ਸਮਿਕਾ ਵਰਮਾ ਨੂੰ ਸਰਵੋਤਮ ਬੁਲਾਰੇ ਵਜੋਂ ਚੁਣਿਆ ਗਿਆ।
ਇਹ ਮੁਕਾਬਲਾ ਪ੍ਰੋ.(ਡਾ.) ਆਨੰਦ ਪਵਾਰ, ਵਾਈਸ-ਚਾਂਸਲਰ, ਆਰ.ਜੀ.ਐਨ.ਯੂ.ਐਲ., ਡਾ. ਗੀਤਿਕਾ ਵਾਲੀਆ, ਐਸੋਸੀਏਟ ਪ੍ਰੋਫੈਸਰ ਆਫ਼ ਲਾਅ ਅਤੇ ਆਰਜੀਐਨਯੂਐਲ ਵਿਖੇ ਮੂਟ ਕੋਰਟ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਹੇਠ ਕਰਵਾਇਆ ਗਿਆ।