ਸਰਕਾਰੀ ਸਕੂਲਾਂ ‘ਚ ਪੜਦੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਨੇ ਜਾਣੇ ਬੱਚਿਆਂ ਦੇ ਅਧਿਕਾਰ ਅਤੇ ਸੁਰੱਖਿਆ ਸਬੰਧੀ ਨੁਕਤੇ
ਪਟਿਆਲਾ, 8 ਦਸੰਬਰ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜ.ਅਮਰਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਯੋਗ ਅਗਵਾਈ ਵਿੱਚ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ ਸਬੰਧੀ ਜਾਣਕਾਰੀ ਦੇਣ ਲਈ ‘ਮਦਰ ਵਰਕਸ਼ਾਪ’ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜ.ਅਮਰਜੀਤ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਮਾਤਾਵਾਂ ਦਾ ਆਦਰ ਸਹਿਤ ਸਵਾਗਤ ਕੀਤਾ ਗਿਆ ਅਤੇ ਨਿਵੇਕਲੇ ਢੰਗਾਂ ਨਾਲ ਹਾਜ਼ਰੀ ਲਗਵਾਈ ਗਈ। ਸਿਖਲਾਈ ਵਰਕਸ਼ਾਪ ਦੌਰਾਨ ਸਮੂਹ ਬੱਚਿਆਂ ਦੀਆਂ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੂੰ ਕਰਵਾਈਆਂ ਜਾਣ ਵਾਲੀਆਂ ਖੇਡ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਉਦੇਸ਼ ਮਾਤਾਵਾਂ ਅਤੇ ਸਰਪ੍ਰਸਤਾਂ ਨੂੰ ਬੱਚਿਆਂ ਦੇ ਵੱਖ-ਵੱਖ ਅਧਿਕਾਰਾਂ ਅਤੇ ਬੱਚਿਆਂ ਦੀ ਸੁਰੱਖਿਆ ਸਬੰਧੀ ਨੁਕਤਿਆਂ ਬਾਰੇ ਜਾਣਕਾਰੀ ਦੇਣਾ ਸੀ। ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਦੇ ਮੁਖੀਆਂ ਵੱਲੋਂ ਮਾਵਾਂ ਦੀ ਹਾਜ਼ਰੀ ਲਈ ਵਿਸ਼ੇਸ਼ ਆਕਰਸ਼ਣ ਵਾਲੇ ਚਾਰਟ ਤਿਆਰ ਕੀਤੇ ਗਏ। ਮਾਵਾਂ ਆਪਣੀ ਰੁਚੀ ਅਨੁਸਾਰ ਇਹਨਾਂ ਹਾਜ਼ਰੀ ਚਾਰਟਾਂ ‘ਤੇ ਆਪਣੀ ਮਰਜ਼ੀ ਨਾਲ ਕੁਝ ਵੀ ਲਿਖ ਜਾਂ ਬਣਾ ਕੇ ਹਾਜ਼ਰੀ ਲਗਾਈ। ਮਾਵਾਂ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣੀ ਜਾਣ-ਪਛਾਣ ਵੀ ਕਰਵਾਈ। ਇਸ ਵਰਕਸ਼ਾਪ ਵਿੱਚ ਮਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ ਸਬੰਧੀ ਕਾਨੂੰਨਾਂ, ਨੀਤੀਆਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਵੀ ਵਰਕਸ਼ਾਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਬੱਚਿਆਂ ਦੀਆਂ ਮਾਂਵਾਂ ਨਾਲ਼ ਬੱਚਿਆਂ ਦੀ ਸੁਰੱਖਿਆ ਦੇ ਅਧਿਕਾਰ ਜਿਵੇਂ ਕਿ ਬਾਲ ਮਜ਼ਦੂਰੀ, ਤਸਕਰੀ, ਮਾਨਸਿਕ ਸ਼ੋਸ਼ਣ ਆਦਿ, ਬੱਚਿਆਂ ਦੇ ਵਿਕਾਸ ਸਬੰਧੀ ਅਧਿਕਾਰ ਜਿਵੇਂ ਕਿ ਸਿੱਖਿਆ ਅਤੇ ਮਨੋਰੰਜਨ ਸੰਬੰਧੀ, ਬੱਚਿਆਂ ਦੀ ਭਾਗੀਦਾਰੀ ਸੰਬੰਧੀ ਅਧਿਕਾਰ ਜਿਵੇਂ ਕਿ ਉਹਨਾਂ ਦੇ ਵਿਚਾਰ ਪ੍ਰਗਟਾਉਣ ਅਤੇ ਸੁਣਨ ਦਾ ਅਧਿਕਾਰ, ਭਰੂਣ ਹੱਤਿਆ ਸੰਬੰਧੀ ਜਾਗਰੂਕਤਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਕਾਰਾਂ ਬਾਰੇ ਵੀ ਚਰਚਾ ਕੀਤੀ। ਬੱਚਿਆਂ ਨਾਲ ਸੰਬੰਧੀ ਮਿਡ-ਡੇ-ਮੀਲ ਸਕੀਮ, ਸਰਵ ਸਿੱਖਿਆ ਅਭਿਆਨ ਅਤੇ ਸਮੱਗਰ ਸਿੱਖਿਆ ਅਭਿਆਨ, ਰਾਸ਼ਟਰੀ ਪੇਂਡੂ ਸਿਹਤ ਮਿਸ਼ਨ, ਪਲਸ ਪੋਲੀਓ ਮੁਹਿੰਮ ਅਤੇ ਹੋਰ ਵਿਸ਼ੇਸ਼ ਜਾਣਕਾਰੀਆਂ ਵੀ ਸਾਂਝੀਆਂ ਕੀਤੀ। ਮਾਵਾਂ ਨੂੰ ਪੋਕਸੋ ਐਕਟ 2012 ਬਾਰੇ ਵੀ ਉਚੇਚੇ ਤੌਰ ‘ਤੇ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਨਾਲ ਛੋਟੇ-ਛੋਟੇ ਬੱਚਿਆਂ ਦੀਆਂ ਸਮੱਸਿਆਵਾਂ ਅਤੇ ਮਨੋਦਸ਼ਾ ਨੂੰ ਮਾਵਾਂ ਸੌਖੇ ਢੰਗ ਨਾਲ ਸਮਝ ਸਕਣਗੀਆਂ। ਇਸ ਵਰਕਸ਼ਾਪ ਦੌਰਾਨ ਪੋਕਸੋ ਐਕਟ 2012 ਸੰਬੰਧੀ ਇੱਕ ਦਸਤਾਵੇਜ਼ੀ ਫ਼ਿਲਮ ਵੀ ਮਾਵਾਂ ਨੂੰ ਸਕੂਲ ਵਿੱਚ ਦਿਖਾਈ ਗਈ।