ਬਜ਼ੁਰਗਾਂ ਦੀ ਸਿਹਤ ਸੰਭਾਲ ਸਾਡਾ ਪਹਿਲਾ ਫ਼ਰਜ਼ : ਸਿਹਤ ਮੰਤਰੀ
ਮੋਹਾਲੀ/ਚੰਡੀਗੜ੍ਹ, 1 ਦਸੰਬਰ :
‘ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਪੰਜਾਬ ਵਾਸੀਆਂ ਨੂੰ ਮਿਆਰੀ ਤੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿਚ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਸ਼ਾਨਦਾਰ ਨਤੀਜਾ ਵੀ ਦਿਸਣਾ ਸ਼ੁਰੂ ਹੋ ਗਿਆ ਹੈ।’ ਇਹ ਸ਼ਬਦ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਦੰਦਾਂ ਦੇ 34ਵੇਂ ਪੰਦਰਵਾੜੇ ਦੇ ਸੂਬਾ ਪੱਧਰੀ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਰਦਿਆਂ ਕਹੇ।
ਇਸ ਮੌਕੇ ਇਕੱਤਰ ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਜੌੜਾਮਾਜਰਾ ਨੇ ਕਿਹਾ ਕਿ ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ ਜਿਨ੍ਹਾਂ ਦੀ ਸਿਹਤ ਸੰਭਾਲ ਸਾਡਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਆਮ ਹੀ ਦੰਦਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ। ‘ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤਾਂ ਸਵਾਦ ਗਿਆ’ ਕਹਾਵਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੰਦਾਂ ਦੇ ਖ਼ਰਾਬ ਹੋਣ ਨਾਲ ਨਾ ਕੇਵਲ ਖਾਣ-ਪੀਣ ਦਾ ਸਵਾਦ ਚਲਿਆ ਜਾਂਦਾ ਹੈ ਸਗੋਂ ਸ਼ਰੀਰ ਵਿੱਚ ਭੋਜਨ ਦਾ ਸਹੀ ਪਾਚਨ ਨਾ ਹੋਣ ਕਾਰਣ ਹੋਰ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ । ਪਰ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਨ੍ਹਾਂ ਨੂੰ ਮੁਫ਼ਤ ਡੈਂਚਰ (ਦੰਦਾਂ ਦੀ ਬੀੜ) ਦੇ ਕੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਡੈਂਚਰ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਰਾਤ ਨੂੰ ਸੌਣ ਵੇਲੇ ਦੰਦਾਂ ਦੀ ਬੀੜ ਨੂੰ ਪਾਣੀ ਵਿਚ ਪਾ ਕੇ ਰਖਿਆ ਜਾਵੇ ਅਤੇ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਕਰਨ ਦੀ ਆਦਤ ਪਾਈ ਜਾਵੇ। ਤੰਬਾਕੂ ਆਦਿ ਦੀ ਵਰਤੋਂ ਤੋਂ ਪ੍ਰਹੇਜ਼ ਬਹੁਤ ਜ਼ਰੂਰੀ ਹੈ।
ਜੌੜਾਮਾਜਰਾ ਨੇ ਦਸਿਆ ਕਿ ਇਹ ਪੰਦਰਵਾੜਾ 14 ਨਵੰਬਰ ਤੋਂ 29 ਨਵੰਬਰ ਤਕ ਸਮੁੱਚੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ। ਇਸ ਪੰਦਰਵਾੜੇ ਦੌਰਾਨ ਬਜ਼ੁਰਗਾਂ ਨੂੰ 2500 ਡੈਂਚਰ ਵੰਡੇ ਗਏ ਅਤੇ ਡੈਂਟਲ ਓ.ਪੀ.ਡੀ. ਵਿਚ ਆਏ ਮਰੀਜ਼ਾਂ ਦੇ ਦੰਦਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲੀ ਬੱਚਿਆਂ ਲਈ ਸਕੂਲ ਹੈਲਥ ਕੈਂਪ ਅਤੇ ਪਿੰਡਾਂ ਵਿਚ ਜਾਗਰੂਕਤਾ ਸਮਾਗਮ ਵੀ ਕਰਵਾਏ ਗਏ। ਇਸ ਮੌਕੇ ਸਿਹਤ ਮੰਤਰੀ ਨੇ ਬਜ਼ੁਰਗਾਂ ਨੂੰ 56 ਡੈਂਚਰ ਵੰਡੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਲਈ ਵੀ ਆਖਿਆ। ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਅਤੇ ਸਟਾਫ਼ ਨੂੰ ਦੰਦਾਂ ਦੇ ਪੰਦਰਵਾੜੇ ਦੀ ਸਫ਼ਲਤਾਪੂਰਵਕ ਸਮਾਪਤੀ ਲਈ ਸ਼ਾਬਾਸ਼ੀ ਵੀ ਦਿਤੀ।
ਡਾਇਰੈਕਟਰ ਸਿਹਤ ਸੇਵਾਵਾਂ ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਦੰਦਾਂ ਦੀ ਸੰਭਾਲ ਬਚਪਨ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਔਸਤਨ ਹਰ ਤਿੰਨ ਮਹੀਨਿਆਂ ਮਗਰੋਂ ਦੰਦਾਂ ਦੀ ਜਾਂਚ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਦੰਦ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ ਕਰ ਦਿੰਦੇ ਹਾਂ ਪਰ ਛੋਟੀ-ਮੋਟੀ ਤਕਲੀਫ਼ ਵੱਡੀ ਹੋ ਸਕਦੀ ਹੈ ਅਤੇ ਦੰਦ ਖ਼ਰਾਬ ਹੋ ਸਕਦੇ ਹਨ।
ਸਮਾਗਮ ਵਿਚ ਡਿਪਟੀ ਡਾਇਰੈਕਟਰ ਡੈਂਟਲ ਡਾ. ਸੁਰਿੰਦਰ ਮੱਲ, ਸਿਵਲ ਸਰਜਨ ਮੋਹਾਲੀ ਡਾ. ਆਦਰਸ਼ਪਾਲ ਕੌਰ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰਨੀਤ ਗਰੇਵਾਲ, ਐਸ.ਐਮ.ਓ. ਡਾ. ਵਿਜੇ ਭਗਤ ਤੇ ਹੋਰ ਸਿਹਤ ਅਧਿਕਾਰੀ ਮੌਜੂਦ ਸਨ।