ਸਾਂਝੀ ਛਾਂ ਕਲੱਸਟਰ ਲੈਵਲ ਫੈਡਰੇਸ਼ਨ ਨੇ ਸ਼ੁਰੂ ਕੀਤੀ ਲਿੰਗ ਆਧਾਰਿਤ ਹਿੰਸਾ ਵਿਰੁੱਧ ਮੁਹਿੰਮ
Harpreet Kaur ( The Mirror time )
ਪਟਿਆਲਾ, 30 ਨਵੰਬਰ:
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਬਲਾਕ ਸਨੌਰ ਦੀ ਸਾਂਝੀ ਛਾਂ ਕਲੱਸਟਰ ਲੈਵਲ ਫੈਡਰੇਸ਼ਨ ਵੱਲੋਂ ਅੱਜ ਲਿੰਗ ਆਧਾਰਿਤ ਹਿੰਸਾ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 23 ਦਸੰਬਰ ਤੱਕ ਪੰਜਾਬ ਭਰ ਦੇ ਆਜੀਵਿਕਾ ਸਵੈ-ਸਹਾਇਤਾ ਸਮੂਹਾਂ, ਮਹਿਲਾ ਗ੍ਰਾਮ ਸੰਗਠਨਾਂ ਅਤੇ ਕਲੱਸਟਰ ਲੈਵਲ ਫੈਡਰੇਸ਼ਨਾਂ ਰਾਹੀ ਚਲਾਈ ਜਾਵੇਗੀ, ਜਿਸ ਵਿੱਚ ਔਰਤਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਇਹ ਕਾਰਜ ਪਿੰਡ ਪੱਧਰ ‘ਤੇ ਮੀਟਿੰਗਾਂ ਕਰਕੇ, ਰੈਲੀਆਂ ਕੱਢਕੇ ਕੀਤਾ ਜਾਵੇਗਾ।
ਏ.ਡੀ.ਸੀ. ਈਸ਼ਾ ਸਿੰਘਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਆਜੀਵਿਕਾ ਸਮੂਹਾਂ ਦੇ ਮੈਂਬਰਾਂ ਨੂੰ ਦਾਜ-ਦਹੇਜ, ਲਿੰਗ ਵਿਤਕਰਾ, ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨਾ, ਸੋਸ਼ਲ ਮੀਡੀਆ ਰਾਹੀਂ ਬਲੈਕਮੇਲ ਆਦਿ ਬਾਰੇ ‘ਸਹਾਂਗੇ ਨਹੀਂ, ਕਹਾਂਗੇ’ ਸਲੋਗਨ ਹੇਠ ਜਾਗਰੂਕ ਕੀਤਾ ਗਿਆ ਉੱਥੇ ਮੈਂਬਰਾਂ ਵੱਲੋਂ ਇੱਕ ਜਾਗਰੂਕ ਰੈਲੀ ਵੀ ਕੱਢੀ ਗਈ। ਇਸ ਮੁਹਿੰਮ ਤਹਿਤ ਪਹੁੰਚੇ ਹੋਏ ਮੈਂਬਰਾਂ ਵਿੱਚ ‘ਨਵੀਂ ਚੇਤਨਾ, ਪਹਿਲ ਬਦਲਾਅ ਦੀ’ ਮਹੱਤਤਾ ਬਾਰੇ ਦੱਸਿਆ ਗਿਆ। ਸਾਂਝੀ ਛਾਂ ਕਲੱਸਟਰ ਲੈਵਲ ਫੈਡਰੇਸ਼ਨ ਦੇ ਕਾਰਜਕਾਰੀ ਕਮੇਟੀ ਅਤੇ ਅਹੁਦੇਦਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ‘ਤੇ ਲਖਵਿੰਦਰ ਸਿੰਘ ਸੀ.ਸੀ., ਸ਼ੋਵਿਤ ਸਿੰਘ ਐਮ.ਆਈ.ਐਸ, ਅਸ਼ੋਕ ਕੁਮਾਰ ਸੀ.ਸੀ. (ਲਾਇ.) ਤੋਂ ਇਲਾਵਾ ਸਮੂਹ ਆਜੀਵਿਕਾ ਮਿਸ਼ਨਰੀ ਮੈਂਬਰ ਹਾਜ਼ਰ ਸਨ।