ਵਰਲਡ ਯੂਨੀਵਰਸਿਟੀ ਦੇ ਡਾ. ਅਜੈ ਪਾਲ ਸਿੰਘ ਦੀ ਪੁਸਤਕ ‘ਅਤਰ ਦੀ ਮਹਿਕ’ ਕੀਤੀ ਗਈ ਲੋਕ ਅਰਪਣ
Ajay Verma (The Mirror Time)
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਜੈ ਪਾਲ ਸਿੰਘ ਵੱਲੋਂ ਲਿਖੀ ਗਈ ਪੁਸਤਕ ‘ਅਤਰ ਦੀ ਮਹਿਕ : ਜੀਵਨ ਗਾਥਾ ਸੰਤ ਤੇਜਾ ਸਿੰਘ ਜੀ ਮਸਤੂਆਣੇ ਵਾਲੇ’ ਨੂੰ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ, ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਪ੍ਰੋ. ਪਰਮਵੀਰ ਸਿੰਘ, ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਸਰਬਜੀਤ ਸਿੰਘ ਰੇਣੂਕਾ, ਪੱਤਰਕਾਰੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਡਾ. ਕਿਰਨਦੀਪ ਕੌਰ, ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ, ਡਾ. ਹਰਦੇਵ ਸਿੰਘ ਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿਚ ਲੋਕ ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਤ ਤੇਜਾ ਸਿੰਘ ਜੀ ਅਜਿਹੀ ਅਧਿਆਤਮਿਕ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਅਕਾਦਮਿਕ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਅਤੇ ਮਾਲਵੇ ਦੇ ਖੇਤਰ ਵਿਚ ਕਿੱਤਾ ਮੁਖੀ ਸਿੱਖਿਆ ਦੀ ਨੀਂਹ ਰੱਖੀ।
ਇਸ ਮੌਕੇ ਵਾਈਸ-ਚਾਂਸਲਰ, ਡਾ. ਪਰਿਤ ਪਾਲ ਸਿੰਘ ਜੀ ਨੇ ਰਚਨਾਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਸਤਿਕਾਰਤ ਸ਼ਖ਼ਸੀਅਤਾਂ ਸੰਬੰਧੀ ਅਧਿਐਨ ਅਤੇ ਖੋਜ ਸਮੇਂ ਦੀ ਵੱਡੀ ਲੋੜ ਹੈ ਅਤੇ ਇਹ ਪੁਸਤਕ ਇਸ ਕਾਰਜ ਨੂੰ ਅੱਗੇ ਤੋਰਣ ਵਿਚ ਸਹਾਈ ਹੋਵੇਗੀ। ਡਾ. ਬਿਲਿੰਗ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਯੂਨੀਵਰਸਿਟੀ ਅਧਿਆਪਨ ਸਟਾਫ਼ ਵੱਲੋਂ ਖੋਜ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਪਤਿਵੰਤਿਆਂ ਵੱਲੋਂ ਵੀ ਪੁਸਤਕ ਨੂੰ ‘ਜੀ ਆਇਆਂ’ ਆਖਦਿਆਂ ਡਾ. ਅਜੈ ਪਾਲ ਸਿੰਘ ਦੇ ਉੱਦਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਤੇਜਿੰਦਰਪਾਲ ਸਿੰਘ ਅਤੇ ਸ. ਸੁਰਿੰਦਰ ਸਿੰਘ ਕਿਸ਼ਨਪੁਰਾ ਵੀ ਹਾਜ਼ਰ ਸਨ।
ਡਾ. ਅਜੈ ਪਾਲ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੁਆਰਾ ਉਨ੍ਹਾਂ ਦੀ ਦਿਲੀ ਇੱਛਾ ਪੂਰੀ ਹੋਈ ਹੈ ਅਤੇ ਇਹ ਵੀ ਕਿਹਾ ਕਿ ਪੁਸਤਕ ਦੀ ਸੰਪੂਰਨਤਾ ਵਿਚ ਪ੍ਰੋ. ਸਰਬਜਿੰਦਰ ਸਿੰਘ ਪ੍ਰੋਫੈਸਰ ਅਤੇ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ਵਿਚ ਡਾ. ਅਜੈ ਪਾਲ ਸਿੰਘ ਨੇ ਹਾਜ਼ਰ ਪਤਵੰਤਿਆਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਅੱਗੇ ਤੋਂ ਵੀ ਅਜਿਹੇ ਕਾਰਜਾਂ ਲਈ ਨਿਰੰਤਰ ਯਤਨ ਕਰਦੇ ਰਹਿਣਗੇ।