ਭਾਸ਼ਾ ਵਿਭਾਗ ਨੇ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ
ਪਟਿਆਲਾ, 19 ਅਕਤੂਬਰ:
ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ (ਕਵਿਤਾ, ਲੇਖ, ਕਹਾਣੀ) ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਮੌਕੇ ਉਤੇ ਹੀ ਵਿਸ਼ੇ ਦਿੱਤੇ ਗਏ ਅਤੇ ਦਿੱਤੇ ਹੋਏ ਵਿਸ਼ਿਆਂ ਵਿਚੋਂ ਕਿਸੇ ਇਕ ਉੱਤੇ 300 ਸ਼ਬਦਾਂ ਤੱਕ ਦੀ ਕਵਿਤਾ 600 ਸ਼ਬਦਾਂ ਦਾ ਲੇਖ ਅਤੇ ਕਹਾਣੀ ਲਿਖਣ ਲਈ ਕਿਹਾ ਗਿਆ।
ਉਨ੍ਹਾਂ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿੰਦੀ ਸਾਹਿਤ ਸਿਰਜਣ (ਲੇਖ ਰਚਨਾ) ਮੁਕਾਬਲੇ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਾਂਧੀ ਨਗਰ ਦੇ ਬਿਕਰਾਂਤ ਨੇ ਹਾਸਲ ਕੀਤਾ ਜਦਕਿ ਦੂਜਾ ਸਥਾਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਵਿਕਟੋਰੀਆ ਸਕੂਲ ਦੀ ਕੀਰਤੀ ਨੇ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹੇਵਾਲ ਦੀ ਸਿਮਰਨਜੀਤ ਕੌਰ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਹਿੰਦੀ ਸਾਹਿਤ ਸਿਰਜਣ (ਕਹਾਣੀ ਰਚਨਾ) ਮੁਕਾਬਲੇ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੱਪੜ ਦੀ ਮਲਿਕਾ ਨੇ, ਦੂਜੇ ਸਥਾਨ ਪ੍ਰੀਮਿਅਰ ਪਬਲਿਕ ਸਕੂਲ, ਪਿੰਡ ਚੁਪਕੀ, ਸਮਾਣਾ ਦੀ ਇਸ਼ਮੀਤ ਕੌਰ ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ, ਰੱਖੜਾ ਦੀ ਮੋਹਿਨੀ ਨੇ ਪ੍ਰਾਪਤ ਕੀਤਾ। ਇਸੇ ਪ੍ਰਕਾਰ ਹਿੰਦੀ ਸਾਹਿਤ ਸਿਰਜਣ (ਕਵਿਤਾ ਰਚਨਾ) ਮੁਕਾਬਲੇ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੰਦਰਾਲਾ ਢੀਂਡਸਾ ਦੀ ਅਮਨਪ੍ਰੀਤ ਕੌਰ, ਦੂਜਾ ਸਥਾਨ ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੁਸਕਾਨ ਜੈਸਵਾਲ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਦੇ ਇੰਦਰਪ੍ਰੀਤ ਸਿੰਘ ਨੇ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਹਿੰਦੀ ਕਵਿਤਾ ਗਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ, ਹਾਮਝੇੜੀ ਦੀ ਮੁਮਤਾਜ਼ ਨੇ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੀ ਵਰਸ਼ਾ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੰਦਰਾਲਾ ਢੀਂਡਸਾ ਦੀ ਬੇਅੰਤ ਕੌਰ ਨੇ ਹਾਸਲ ਕੀਤਾ।
ਇਸ ਸਮਾਗਮ ਵਿਚ ਬਤੌਰ ਜੱਜ ਹਿੰਦੀ ਦੇ ਉੱਘੇ ਵਿਦਵਾਨ ਸ੍ਰੀ ਸਾਗਰ ਸੂਦ, ਸ੍ਰੀਮਤੀ ਮਧੂ ਬਾਲਾ ਅਤੇ ਸ੍ਰੀਮਤੀ ਅਲਕਾ ਅਰੋੜਾ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਡਾ. ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ ਅਤੇ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਸਰਟੀਫਿਕੇਟ ਅਤੇ ਇਨਾਮ ਵਜੋਂ ਵਿਭਾਗੀ ਪੁਸਤਕਾਂ ਦੇ ਬੰਡਲ ਵੀ ਦਿੱਤੇ ਗਏ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਮਨਜਿੰਦਰ ਸਿੰਘ, ਖੋਜ ਅਫ਼ਸਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਨਵਨੀਤ ਕੌਰ, ਹਰਦੀਪ ਕੌਰ, ਪਲਵੀ, ਮਨਦੀਪ, ਬਿਕਰਮ ਅਤੇ ਸੋਨੂੰ ਕੁਮਾਰ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ।