ਬਾਗਬਾਨੀ ਵਿਭਾਗ ਵੱਲੋਂ ਐਗਰੀਕਲਚਰ ਇੰਫਰਾਸਟਰਕਚਰ ਫ਼ੰਡ ਸਕੀਮ ‘ਤੇ ਸੈਮੀਨਾਰ
ਪਟਿਆਲਾ, 18 ਅਕਤੂਬਰ:
ਬਾਗ਼ਬਾਨੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਡਾਇਰੈਕਟਰ ਬਾਗ਼ਬਾਨੀ ਕਮ-ਸਟੇਟ ਨੋਡਲ ਅਫ਼ਸਰ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਗਰੀਕਲਚਰ ਇੰਫਰਾਸਟਰਕਚਰ ਫ਼ੰਡ ਸਕੀਮ ਬਾਰੇ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਭਰ ਦੇ ਉੱਦਮੀ ਕਿਸਾਨਾਂ ਤੇ ਲਾਭਪਾਤਰੀਆਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗ਼ਬਾਨੀ ਨਰਿੰਦਰਬੀਰ ਸਿੰਘ ਮਾਨ ਨੇ ਹਾਜ਼ਰ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਕੇ.ਪੀ.ਐਮ.ਜੀ ਐਡਵਾਈਜ਼ਰੀ ਸਰਵਿਸ ਵੱਲੋਂ ਮੈਡਮ ਮਨੀ ਮਿੱਤਲ ਨੇ ਐਗਰੀਕਲਚਰ ਇੰਫਰਾਸਟਰਕਚਰ ਫ਼ੰਡ ਸਕੀਮ ਬਾਰੇ ਹਾਜ਼ਰ ਵੱਖ-ਵੱਖ ਬਾਗ਼ਬਾਨੀ ਖੇਤਰ ਨਾਲ ਸਬੰਧਤ ਕੋਲਡ ਸਟੋਰ ਮਾਲਕਾਂ, ਬੈਂਕਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਅਧੀਨ ਫਲ਼ਾਂ ਅਤੇ ਹੋਰ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਵਾਸਤੇ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਵੇਅਰ ਹਾਊਸ, ਸੀਲੋਜ਼, ਈ-ਮਾਰਕੀਟਿੰਗ ਆਦਿ ਲਈ ਬੈਂਕਾਂ ਤੋਂ ਲਏ ਜਾਂਦੇ 2 ਕਰੋੜ ਤੱਕ ਦੇ ਕਰਜ਼ੇ ਦੇ ਵਿਆਜ ਉਤੇ 3 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ ਅਤੇ ਸੱਤ ਸਾਲ ਦੇ ਸਮੇਂ ਤੱਕ ਲਾਗੂ ਹੁੰਦੀ ਹੈ। ਮੀਟਿੰਗ ਵਿੱਚ ਚੀਫ਼ ਮੈਨੇਜਰ ਐੱਸ.ਬੀ.ਆਈ ਗੁਰਪ੍ਰੀਤ ਕੌਰ ਅਤੇ ਹੋਰ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਪੰਜਾਬ ਐਗਰੋ ਦੇ ਨੁਮਾਇੰਦੇ ਆਰ.ਪੀ ਰਾਣਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਉਤਪਾਦ ਖ਼ੁਦ ਤਿਆਰ ਕਰਕੇ ਵੇਚਣੇ ਚਾਹੀਦੇ ਹਨ। ਇਸ ਸੈਮੀਨਾਰ ਵਿੱਚ ਹੋਰਨਾ ਤੋਂ ਇਲਾਵਾ ਕੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਸ੍ਰੀਮਤੀ ਨਵਨੀਤ ਕੌਰ, ਸਿਮਰਨਜੀਤ ਕੌਰ, ਗਗਨ ਕੁਮਾਰ ਬਾਗ਼ਬਾਨੀ ਅਧਿਕਾਰੀ ਅਤੇ ਨਵਤੇਜ ਸਿੰਘ, ਭੁਪਿੰਦਰ ਸਿੰਘ ਸ਼ਹਿਦ ਮੱਖੀ ਪਾਲਕ ਮੌਜੂਦ ਸਨ।